ਚੋਗਾਵਾਂ, 17 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਭਿੰਡੀਸੈਦਾਂ ਅਧੀਨ ਆਉਂਦੇ ਸਰਹੱਦੀ ਪਿੰਡ ਮੋਹਲੇਕੇ ਵਿਖੇ ਪਹੇ ਦੇ ਰਸਤੇ ਨੂੰ ਲੈ ਕੇ ਹੋਈ ਤਕਰਾਰ 'ਚ ਇਕ ਵਿਅਕਤੀ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਨ ਦੀ ਖ਼ਬਰ ਹੈ | ਇਸ ਸੰਬੰਧੀ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜੇਰੇ ਇਲਾਜ ਇੰਦਰਜੀਤ ਸਿੰਘ ਪਿੰਡ ਮੋਹਲੇਕੇ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹ ਬਾਹਰ ਡੇਰੇ ਉਪਰ ਰਹਿੰਦੇ ਹਨ | ਸਾਡੇ ਡੇਰੇ ਦੇ ਨਾਲ ਦਿਲਬਾਗ ਸਿੰਘ, ਮਨਜਿੰਦਰ ਸਿੰਘ, ਬਚਿੱਤਰ ਸਿੰਘ, ਪ੍ਰਤਾਪ ਸਿੰਘ ਦੀ ਜ਼ਮੀਨ ਲੱਗਦੀ ਹੈ | ਉਕਤ ਵਿਅਕਤੀਆਂ ਵਲੋਂ ਪਹੇ 'ਤੇ ਟਰੈਕਟਰ ਤੇ ਹੋਰ ਚੀਜ਼ਾਂ ਲਗਾ ਕੇ ਸਾਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ | ਬੀਤੇ ਦਿਨੀ ਜਦੋਂ ਮੈਂ ਟਰੈਕਟਰ ਉਪਰ ਉਕਤ ਪਹੇ ਤੋਂ ਲੰਘ ਰਿਹਾ ਸੀ ਤਾਂ ਦਿਲਬਾਗ ਸਿੰਘ, ਮਨਜਿੰਦਰ ਸਿੰਘ, ਬਚਿੱਤਰ ਸਿੰਘ, ਪ੍ਰਤਾਪ ਸਿੰਘ ਨੇ ਦਾਤਰਾਂ ਨਾਲ ਲੈਸ ਹੋ ਕੇ ਮੇਰੇ 'ਤੇ ਹਮਲਾ ਕਰ ਦਿੱਤਾ | ਮੈਨੂੰ ਗੰਭੀਰ ਸੱਟਾਂ ਲਗਾ ਦਿੱਤੀਆਂ | ਇਸ ਸੰਬੰਧੀ ਦੂਜੀ ਧਿਰ ਦੇ ਉਕਤ ਵਿਅਕਤੀਆਂ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇੰਦਰਜੀਤ ਸਿੰਘ ਨੇ ਸਾਡੇ ਘਰ ਟਰੈਕਟਰ ਲਿਆ ਕੇ ਨਾਲ ਹੋਰਨਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ 'ਤੇ ਹਮਲਾ ਕਰਕੇ ਦਿਲਬਾਗ ਸਿੰਘ ਅਤੇ ਮਨਜਿੰਦਰ ਸਿੰਘ ਨੂੰ ਸੱਟਾਂ ਲਗਾ ਦਿੱਤੀਆਂ | ਅਸੀਂ ਆਪਣੇ ਪਰਿਵਾਰ ਦੀਆਂ ਜਾਨਾਂ ਬਚਾਈਆਂ | ਜਿਸ ਦੀ ਸਾਰੀ ਘਟਨਾ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ | ਇਸ ਸੰਬੰਧੀ ਪੁਲਿਸ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕੋਈ ਦਰਖਾਸਤ ਨਹੀਂ ਆਈ |