07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਲੈਂਡ ਪੂਲਿੰਗ ਨੀਤੀ ਖ਼ਿਲਾਫ਼ 21 ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਦਾ ਘਿਰਾਓ ਕਰੇਗੀ ਭਾਕਿਯੂ ਏਕਤਾ ਉਗਰਾਹਾਂ

ਅਜੀਤ ਡੈਸਕ 18-07-2025
ਗੱਗੋਮਾਹਲ, 17 ਜੁਲਾਈ (ਬਲਵਿੰਦਰ ਸਿੰਘ ਸੰਧੂ)-ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਦੀ ਪ੍ਰਧਾਨਗੀ ਹੇਠ ਇਸ ਨੀਤੀ ਤੋਂ ਪੀੜਤ ਪਿੰਡਾਂ ਦੇ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਨੀਤੀ ਦੇ ਵਿਰੋਧ ਵਿਚ ਕਿਸਾਨਾਂ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਗਿਆ | ਪਿੰਡਾਂ ਦੀਆਂ ਮੀਟਿੰਗਾਂ ਪਿੱਛੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਧੰਗਈ ਨੇ ਕਿਹਾ ਕਿ ਇਸ ਨੀਤੀ ਤਹਿਤ ਅੰਮਿ੍ਤਸਰ ਕਰੀਬ 18 ਪਿੰਡਾਂ ਦੇ ਕਿਸਾਨਾ ਦੀ ਜਰਖੇਜ ਜ਼ਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀ ਜਾ ਰਹੀ ਹੈ | ਜਿਸ ਨਾਲ ਪੰਜਾਬ ਵਿਚੋਂ ਕਿਸਾਨੀ ਖਤਮ ਹੋ ਜਾਵੇਗੀ ਤੇ ਇਸ ਦੇ ਖਤਮ ਹੋਣ ਨਾਲ ਮਜਦੂਰ ਵੀ ਬੇ-ਰੁਜਗਾਰ ਹੋ ਜਾਣਗੇ | ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀ ਸਮੇਂ ਦੀਆਂ ਸਰਕਾਰਾਂ ਨੂੰ ਅਜਿਹਾ ਕਰਨ ਦੀ ਇਜਾਜਤ ਨਹੀਂ ਦੇਵੇਗੀ | ਇਸ ਵਾਸਤੇ ਭਾਵੇਂ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਕਿਉਂ ਨਾ ਕਰਨਾ ਪਵੇ | ਧੰਗਈ ਨੇ ਕਿਹਾ ਕਿ ਇਸ ਨੀਤੀ ਦੇ ਖ਼ਿਲਾਫ਼ 21 ਜੁਲਾਈ ਨੂੰ ਐੱਸ. ਡੀ. ਐੱਮ. ਦਫਤਰ ਰਾਜਾਸਾਂਸੀ ਦਾ ਘਿਰਾਓ ਕਰਨ ਲਈ ਜੋ ਯੋਜਨਾਬੰਦੀ ਕੀਤੀ ਗਈ ਸੀ ਉਸ ਨੂੰ ਬਦਲ ਕੇ ਇਸੇ ਦਿਨ ਡਿਪਟੀ ਕਮਿਸ਼ਨਰ ਅੰਮਿ੍ਤਸਰ ਦੇ ਦਫਤਰ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਮੀਟਿੰਗਾਂ ਕਰਕੇ ਸਰਕਾਰਾਂ ਦੇ ਇਸ ਮਾਰੂ ਫ਼ੈਸਲੇ ਤੋਂ ਕਿਸਾਨਾਂ ਮਜਦੂਰਾਂ ਨੂੰ ਜਾਣੂੰ ਕਰਵਾਇਆ ਜਾਵੇਗਾ ਤੇ ਉਨ੍ਹਾਂ ਨੂੰ ਇਸ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਲਾਮਬੰਦ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਪ੍ਰਗਟ ਸਿੰਘ ਚਾੜਪੁਰ, ਜਸਪਾਲ ਸਿੰਘ, ਜਸਬੀਰ ਸਿੰਘ, ਰੁਪਿੰਦਰ ਸਿੰਘ, ਸਤਿੰਦਰ ਸਿੰਘ, ਪਿ੍ਥੀਪਾਲ ਸਿੰਘ, ਗੁਰਿੰਦਰਬੀਰ ਸਿੰਘ, ਮੋਹਨ ਸਿੰਘ, ਚਰਨਜੀਤ ਸਿੰਘ, ਹੀਰਾ ਸਿੰਘ, ਬਘੇਲ ਸਿੰਘ, ਜੋਗਿੰਦਰ ਸਿੰਘ, ਗੁਰਮੁੱਖ ਸਿੰਘ, ਲਵਪ੍ਰੀਤ ਸਿੰਘ ਤੋਂ ਇਲਾਵਾ ਕਈ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਸਠਿਆਲਾ 'ਚ ਪੰਜ ਪੀਰਾਂ ਦੀ ਦਰਗਾਹ 'ਤੇ ਸਾਲਾਨਾ ਮੇਲਾ 20 ਨੂੰ ਅਗਲੀ ਖ਼ਬਰ ਬੀਬਾ ਗੁਰਵਿੰਦਰ ਕੌਰ ਜਲਾਲਉਸਮਾ ਵਲੋਂ ਰਈਆ ਦੇ ਵਾਰਡ ਨੰ: 1 ਗੁਰਦੁਆਰਾ ਸਾਹਿਬ ਲਈ ਬਰਤਨ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।