ਵੇਰਕਾ, 15 ਜੁਲਾਈ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਦਾ ਵਾਰਡ ਨੰ: 19 ਦੇ ਇਲਾਕੇ ਮੁਹੱਲਾ ਰਾਮਗੜੀਆ ਵਿਚ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ਼ ਪ੍ਰਣਾਲੀ ਠੱਪ ਹੋਣ ਕਾਰਨ ਗਲੀਆਂ ਵਿਚ ਖੜੇ ਬਦਬੂ ਮਾਰਦੇ ਗੰਦੇ ਪਾਣੀ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ | ਜਾਣਕਾਰੀ ਦਿੰਦਿਆਂ ਇਲਾਕਾ ਨਿਵਾਸੀ ਰਣਜੀਤ ਸਿੰਘ ਕੇ.ਬੀ, ਮਲਵਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲਾ ਰਾਮਗੜੀਆ ਰਾਹੀਂ ਲਗਭਗ ਛੇ ਦੇ ਕਰੀਬ ਵੱਖ-ਵੱਖ ਅਬਾਦੀਆਂ ਦੇ ਲੋਕਾਂ ਤੇ ਸਕੂਲੀ ਵਿਦਿਆਰਥੀਆਂ ਦਾ ਆਉਣਾ ਜਾਣਾ ਹੈ ਪਰ ਇਸ ਗਲੀ ਵਿਚ ਪਿਛਲੇ ਦੋ ਮਹੀਨਿਆਂ ਤੋਂ ਸੀਵਰੇਜ਼ ਪ੍ਰਣਾਲੀ ਠੱਪ ਹੋਣ ਕਾਰਣ ਘਰਾਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਰੁਕਣ ਕਾਰਨ ਸੀਵਰੇਜ਼ ਵਿਚਲਾ ਬਦਬੂਦਾਰ ਪਾਣੀ ਗਲੀ ਤੇ ਦਰਗਾਹ ਦੇ ਆਸਪਾਸ ਖੜਾ ਹੈ, ਜਿਸ ਕਾਰਣ ਇਸ ਰਸਤੇ ਰਾਹੀਂ ਲੰਘਣ ਵਾਲੇ ਲੋਕਾਂ ਸਮੇਤ ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਗਲੀ ਬਨਾਉਣ ਲਈ ਵਰਤੀਆਂ ਜਾ ਰਹੀਆਂ ਇੰਟਰ ਲਾਕਿੰਗ ਟਾਇਲਾਂ ਵੀ ਬੇਹੱਦ ਘਟੀਆ ਮਿਆਰ ਦੀਆਂ ਹਨ ਜੋ ਥੋੋੜ੍ਹੀ ਜਿਹੀ ਠੋਕਰ ਮਾਰਨ ਨਾਲ ਟੁੱਟ ਰਹੀਆਂ ਹਨ | ਇਸ ਲਈ ਉਨ੍ਹਾਂ ਦੀ ਮੰਗ ਹੈ ਸੀਵਰੇਜ਼ ਸਮੱਸਿਆ ਹੱਲ ਕਰਵਾਈ ਜਾਵੇ ਅਤੇ ਉਚ ਦਰਜੇ ਦੀ ਟਾਇਲਾਂ ਲਗਵਾਈਆ ਜਾਣ | ਇਸ ਮਾਮਲੇ ਵਿਚ ਇਲਾਕਾ ਕੌਂਸਲਰ ਪ੍ਰੋਫੈਸਰ ਨਵਜੀਤ ਕੌਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਆਖਿਆ ਕਿ ਨਗਰ ਨਿਗਮ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਸੀਵਰੇਜ਼ ਸਮੱਸਿਆ ਦਾ ਹੱਲ ਕਰਵਾ ਦਿੱਤਾ ਗਿਆ ਹੈ ਤੇ ਇੰਟਰ ਲਾਕਿੰਗ ਟਾਇਲ ਦੇ ਮਾਮਲੇ ਵਿਚ ਠੇਕੇਦਾਰ ਤੇ ਟਾਇਲਾਂ ਮੁਹੱਈਆ ਕਰਵਾਉਣ ਵਾਲਿਆਂ ਨੂੰ ਬੁਲਾ ਕੇ ਉਚ ਮਿਆਰ ਦੀਆਂ ਟਾਇਲਾਂ ਤੇ ਵਰਤੇ ਜਾ ਰਹੇ ਮਟੀਰੀਅਲ ਦਾ ਮਸਲਾ ਵੀ ਹੱਲ ਕਰਵਾਇਆ ਜਾਵੇਗਾ |