ਅਬੋਹਰ, 18 ਨਵੰਬਰ (ਸੁਖਜੀਤ ਸਿੰਘ ਬਰਾੜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸੱਪਾਂਵਾਲੀ ਦਾ ਸਾਲਾਨਾ ਸਮਾਰੋਹ ਯਾਦਗਾਰ ਹੋ ਨਿੱਬੜਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਅਤੇ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ ਨੇ ਮੁੱਖ ਮਹਿਮਾਨ ਵਜੋਂ ਅਤੇ ਪਿੰ੍ਰਸੀਪਲ ਕਸ਼ਮੀਰੀ ਲਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਰੋਹ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਗਿੱਧਾ, ਭੰਗੜਾ, ਗੀਤ, ਸਕਿੱਟਾਂ ਆਦਿ ਪੇਸ਼ਕਾਰੀਆਂ ਕਰ ਖ਼ੂਬ ਰੰਗ ਬੰਨ੍ਹੇ ਗਏ | ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ ਵਲੋਂ ਸਕੂਲ ਨੂੰ ਨਵਾਂ ਜਨਰੇਟਰ ਲੈਣ ਲਈ ਇਕ ਲੱਖ ਰੁਪਏ ਦੀ ਗਰਾਂਟ ਦਿੱਤੀ ਗਈ | ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਪਾਰਟੀ ਦੀ ਸਰਕਾਰ ਨੇ ਬੀਤੇ ਸਾਢੇ ਤਿੰਨ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਸਕੂਲ ਬਹੁਤ ਵਧੀਆ ਬਣਾ ਦਿੱਤੇ ਹਨ | ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਅਰਪਨਾ ਅਸੀਜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਅੰਤ ਵਿਚ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਜੈ ਕੁਮਾਰ ਸ਼ਰਮਾ, ਸਰਪੰਚ ਕਾਲੂ ਰਾਮ, ਸਾਬਕਾ ਸਰਪੰਚ ਕਰਨੈਲ ਸਿੰਘ ਗਰੇਵਾਲ, ਪਿ੍ੰਸੀਪਲ ਮਹਿੰਦਰ ਸ਼ਰਮਾ, ਬਲਜਿੰਦਰ ਸਿੰਘ ਬਰਾੜ, ਨਵਜੋਤ ਕੌਰ ਖਹਿਰਾ, ਅਸ਼ੋਕ ਵਰਮਾ, ਅਧਿਆਪਕ ਨਵਜੋਤ ਸਿੰਘ, ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |