ਫ਼ਾਜ਼ਿਲਕਾ, 18 ਨਵੰਬਰ (ਦਵਿੰਦਰ ਪਾਲ ਸਿੰਘ)-ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਪਰਾਲੀ ਦੇ ਧੂੰਏਾ ਨਾਲ ਵਧ ਰਹੇ ਪ੍ਰਦੂਸ਼ਣ ਸੰਬੰਧੀ ਇਕ ਮਹੱਤਵਪੂਰਨ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ | ਇਨ੍ਹਾਂ ਦਿਨਾਂ ਵਿਚ ਪਰਾਲੀ ਸਾੜਨ ਕਾਰਨ ਹਵਾ ਵਿਚ ਧੂੰਏਾ ਦੀ ਮਾਤਰਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਮੌਸਮ ਵਿਚ ਆਈ ਤਬਦੀਲੀ ਕਾਰਨ ਸਾਹ ਦੀਆਂ ਬਿਮਾਰੀਆਂ, ਅੱਖਾਂ ਵਿਚ ਜਲਨ, ਚਮੜੀ ਦੀਆਂ ਸਮੱਸਿਆਵਾਂ, ਦਮਾ ਦੇ ਮਰੀਜ਼ਾਂ ਲਈ ਮੁਸ਼ਕਲਾਂ ਅਤੇ ਬੱਚਿਆਂ ਤੇ ਬਜ਼ੁਰਗਾਂ ਵਿਚ ਸਿਹਤ ਸੰਬੰਧੀ ਖ਼ਤਰੇ ਵਧ ਰਹੇ ਹਨ | ਇਸ ਸੰਦਰਭ ਵਿਚ ਸਿਵਲ ਸਰਜਨ ਡਾ. ਰੋਹਿਤ ਗੋਇਲ ਅਤੇ ਜ਼ਿਲ੍ਹਾ ਟੀ ਬੀ ਅਫ਼ਸਰ ਡਾ. ਨੀਲੂ ਚੁੱਘ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਹਦਾਇਤਾਂ ਜਾਰੀ ਕੀਤੀਆਂ ਹਨ | ਉਨ੍ਹਾਂ ਨੇ ਕਿਹਾ ਹੈ ਕਿ ਧੂੰਏਾ ਵਾਲੇ ਦਿਨਾਂ ਵਿਚ ਜਿੰਨਾ ਸੰਭਵ ਹੋ ਸਕੇ ਘਰੋਂ ਬਾਹਰ ਜਾਣ ਤੋਂ ਬਚਿਆ ਜਾਵੇ | ਜੇ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ ਮਾਸਕ ਜ਼ਰੂਰ ਪਹਿਨਿਆ ਜਾਵੇ, ਅੱਖਾਂ ਵਿਚ ਜਲਨ ਹੋਣ ਦੀ ਸਥਿਤੀ ਵਿਚ ਸਾਫ਼ ਤਾਜ਼ਾ ਪਾਣੀ ਨਾਲ ਛਿੜਕਾਅ ਕਰਨ ਅਤੇ ਘਰ ਅੰਦਰ ਹਵਾ ਦੀ ਗੁਣਵੱਤਾ ਸੁਧਾਰਨ ਲਈ ਖਿੜਕੀਆਂ-ਦਰਵਾਜ਼ਿਆਂ ਨੂੰ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਹੈ | ਦਮਾ, ਦਿਲ ਅਤੇ ਫੇਫੜਿਆਂ ਨਾਲ ਸੰਬੰਧਿਤ ਮਰੀਜ਼ਾਂ ਲਈ ਵਿਭਾਗ ਨੇ ਵਿਸ਼ੇਸ਼ ਹਦਾਇਤਾਂ ਦਿੱਤੀਆਂ ਹਨ | ਮਰੀਜ਼ ਆਪਣੇ ਇਨਹੇਲਰ ਜਾਂ ਦਵਾਈਆਂ ਹਮੇਸ਼ਾ ਨਾਲ ਰੱਖਣ, ਡਾਕਟਰੀ ਸਲਾਹ ਬਿਨਾਂ ਦਵਾਈ ਘਟਾਉਣ ਜਾਂ ਬਦਲਣ ਤੋਂ ਬਚਣ ਅਤੇ ਸਾਹ ਚੜ੍ਹਨ, ਲਗਾਤਾਰ ਖੰਘ, ਛਾਤੀ ਭਾਰੀ ਹੋਣ ਜਾਂ ਅੱਖਾਂ ਵਿਚ ਵਧਦੀ ਲਾਲੀ ਦੀ ਸਥਿਤੀ ਵਿਚ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ | ਡਾਕਟਰ ਗੋਇਲ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਛੋਟੇ ਬੱਚਿਆਂ ਨੂੰ ਬਾਹਰ ਖੇਡਣ ਜਾਂ ਲੰਮੇ ਸਮੇਂ ਲਈ ਖੁੱਲ੍ਹੇ ਮਾਹੌਲ ਵਿਚ ਰੱਖਣ ਤੋਂ ਬਚਾਇਆ ਜਾਵੇ ਕਿਉਂਕਿ ਧੂੰਏਾ ਦਾ ਪ੍ਰਭਾਵ ਉਨ੍ਹਾਂ ਦੇ ਫੇਫੜਿਆਂ 'ਤੇ ਤੇਜ਼ੀ ਨਾਲ ਪੈਂਦਾ ਹੈ | ਇਸੇ ਤਰ੍ਹਾਂ ਬਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ਨੂੰ ਵੀ ਵਾਧੂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ | ਡਾ. ਨੀਲੂ ਚੁੱਘ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਘਰ ਵਿਚ ਹਵਾ ਸੁਧਾਰਨ ਲਈ ਏਅਰ ਪਿਉਰੀਫਾਇਰ ਦੀ ਵਰਤੋਂ ਲਾਭਦਾਇਕ ਰਹੇਗੀ | ਜੇ ਇਹ ਉਪਲਬਧ ਨਾ ਹੋਵੇ, ਤਾਂ ਘਰ ਵਿਚ ਭਾਫ਼ ਲੈਣਾ, ਵੱਧ ਪਾਣੀ ਪੀਣਾ ਅਤੇ ਵਿਟਾਮਿਨ-ਸੀ ਵਾਲੇ ਫਲ ਖਾਣ ਨਾਲ ਸਾਹ ਦੀ ਨਲੀ ਨੂੰ ਕੁੱਝ ਹੱਦ ਤੱਕ ਮਦਦ ਮਿਲ ਸਕਦੀ ਹੈ | ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਰਾਲੀ ਨਾ ਸਾੜੀ ਜਾਵੇ ਕਿਉਂਕਿ ਇਹ ਨਾ ਸਿਰਫ਼ ਪ੍ਰਦੂਸ਼ਣ ਵਧਾਉਂਦੀ ਹੈ, ਸਗੋਂ ਖੇਤੀਬਾੜੀ ਅਤੇ ਸਮਾਜ ਦੋਵਾਂ ਲਈ ਘਾਤਕ ਹੈ | ਵਿਭਾਗ ਨੇ ਕਿਹਾ ਹੈ ਕਿ ਪ੍ਰਸ਼ਾਸਨ ਵਲੋਂ ਜਾਗਰੂਕਤਾ ਮੁਹਿੰਮ ਤੇਜ਼ ਕੀਤੀ ਗਈ ਹੈ ਅਤੇ ਲੋਕਾਂ ਨੂੰ ਇਸ ਵਿਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਸਮੂਹਿਕ ਤੌਰ 'ਤੇ ਸਿਹਤਮੰਦ ਮਾਹੌਲ ਬਣਾਇਆ ਜਾ ਸਕੇ |