ਜ਼ੀਰਾ, 7 ਨਵੰਬਰ (ਹਰਜੀਤ ਸਿੰਘ ਗਿੱਲ)-ਤਰਨਤਾਰਨ ਵਿਧਾਨ ਸਭਾ ਹਲਕੇ ਦੀ 11 ਨਵੰਬਰ ਨੂੰ ਹੋ ਰਹੀ ਜ਼ਿਮਨੀ ਚੋਣ ਵਿਚ ਭਾਈ ਮਨਦੀਪ ਸਿੰਘ ਭਾਰੀ ਬਹੁਮਤ ਨਾਲ ਜਿੱਤਣਗੇ ਜਿਸ ਕਰਕੇ ਪੰਥਕ ਧਿਰਾਂ ਦੀ ਸ਼ਾਨਦਾਰ ਜਿੱਤ ਹੋਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅਮਿ੍ਤਸਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜਨਰਲ ਸਕੱਤਰ ਜੋਗਿੰਦਰ ਸਿੰਘ ਮੱਲੇਵਾਲਾ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਅਕਾਲੀ ਦਲ ਅੰਮਿ੍ਤਸਰ ਹਲਕਾ ਜ਼ੀਰਾ ਵਲੋਂ ਤਰਨਤਾਰਨ ਦੇ ਪਿੰਡਾਂ ਲਹੀਆਂ ਅਤੇ ਗਹਿਰੀ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ | ਜਿਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਹਲਕੇ ਦੇ ਲੋਕ ਬਾਕੀ ਸਾਰੀਆਂ ਪਾਰਟੀਆਂ ਨੂੰ ਨਕਾਰ ਕੇ ਭਾਈ ਮਨਦੀਪ ਸਿੰਘ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ | ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਵੀ ਦਿੱਲੀ ਦੇ ਆਗੂਆਂ ਦੀ ਗ਼ੁਲਾਮ ਹੋਣ ਕਰਕੇ ਇਸ ਵੱਲੋਂ ਪੰਜਾਬ ਅਤੇ ਸਿੱਖਾਂ ਦੇ ਹਿਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਇਸ ਲਈ ਇਨ੍ਹਾਂ ਪੰਜਾਬ ਅਤੇ ਸਿੱਖ ਵਿਰੋਧੀ ਪਾਰਟੀਆਂ ਦੀਆਂ ਸਾਜ਼ਿਸ਼ਾਂ ਨੂੰ ਦੇਖ ਕੇ ਸ਼ਰੋਮਣੀ ਅਕਾਲੀ ਦਲ ਅੰਮਿ੍ਤਸਰ, ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ, ਸ਼ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਆਦਿ ਸਾਰੀਆਂ ਪੰਥਕ ਪਾਰਟੀਆਂ ਇੱਕ ਮੁੱਠ ਹੋ ਕੇ ਤਰਨਤਾਰਨ ਸਾਹਿਬ ਦੀ ਜ਼ਿਮਨੀ ਚੋਣ ਵਿੱਚ ਪੰਥਕ ਚਿਹਰੇ ਭਾਈ ਮਨਦੀਪ ਸਿੰਘ ਨੂੰ ਜਿਤਾਉਣ ਲਈ ਮੈਦਾਨ ਵਿਚ ਡਟ ਚੁੱਕੀਆਂ ਹਨ | ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਲਖਵਿੰਦਰ ਸਿੰਘ ਸੁਪਰ ਵਲਟੋਹਾ ਇੰਚਾਰਜ ਹਲਕਾ ਜ਼ੀਰਾ, ਬਲਕਾਰ ਸਿੰਘ ਜੋਗੇਵਾਲਾ ਕਿਸਾਨ ਵਿੰਗ ਜ਼ਿਲ੍ਹਾ ਫਿਰੋਜ਼ਪੁਰ, ਸੁਖਜੀਤ ਸਿੰਘ ਮੱਖੂ ਪ੍ਰਧਾਨ ਸਰਕਲ ਮੱਖੂ ਅਤੇ ਕੁੰਦਨ ਸਿੰਘ ਲਹੁਕੇ ਆਦਿ ਹਾਜ਼ਰ ਸਨ |