ਜਲਾਲਾਬਾਦ, 5 ਨਵੰਬਰ (ਕਰਨ ਚੁਚਰਾ)-ਸਾਹਿੱਤ ਸਭਾ ਰਜਿ ਜਲਾਲਾਬਾਦ ਦੀ ਇਕ ਮੀਟਿੰਗ ਐਫੀਸੈਟ ਕਾਲਜ ਜਲਾਲਾਬਾਦ ਵਿਖੇ ਪ੍ਰਧਾਨ ਸੰਦੀਪ ਝਾਂਬ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪ੍ਰਧਾਨ ਸੰਦੀਪ ਝਾਂਬ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ | ਉਨ੍ਹਾਂ ਨੇ ਸਾਹਿਤਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲਦੀ ਹੀ ਸਾਹਿੱਤ ਸਭਾ ਜਲਾਲਾਬਾਦ ਵਲੋਂ ਇਕ ਰੂਬਰੂ ਪ੍ਰੋਗਰਾਮ ਕਰਵਾਇਆ ਜਾਏਗਾ | ਜਿਸ ਵਿਚ ਬਾਹਰ ਤੋਂ ਆਏ ਹੋਏ ਕਵੀ ਆਪਣੀਆਂ ਸਾਹਿੱਤਿਕ ਰਚਨਾਵਾਂ ਰਾਹੀਂ ਰੂਬਰੂ ਹੋਣਗੇ, ਸਟੇਜ ਦੀ ਭੂਮਿਕਾ ਸਾਹਿੱਤ ਸਭਾ ਦੀ ਸਕੱਤਰ ਹਰਸ਼ਦੀਪ ਬੋਪਾਰਾਏ ਵੱਲੋਂ ਬਾਖ਼ੂਬੀ ਨਿਭਾਈ ਗਈ, ਉਨ੍ਹਾਂ ਵਲੋਂ ਸਾਹਿਤਕਾਰਾਂ ਨੂੰ ਸਟੇਜ ਤੇ ਬੁਲਾਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਕੀਤੀ ਗਈ ਸ਼ਾਇਰੋ-ਸ਼ਾਇਰੀ ਨੂੰ ਸਾਹਿਤਕਾਰਾਂ ਵਲੋਂ ਕਾਫ਼ੀ ਸਲਾਹਿਆ ਗਿਆ | ਉਨ੍ਹਾਂ ਵਲੋਂ ਸੁਣਾਈ ਗਈ ਕਵਿਤਾ ਅਰਦਾਸ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ | ਪਿਛਲੇ ਦਿਨੀਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹੋਈ ਅਚਾਨਕ ਮੌਤ ਨਾਲ ਸੰਬੰਧਿਤ ਇਹ ਕਵਿਤਾ ਵਿਚ ਲੋਕਾਂ ਵਲੋਂ ਕੀਤੀਆਂ ਗਈਆਂ ਅਰਦਾਸਾਂ, ਬੇਨਤੀਆਂ ਨੂੰ ਮੁੱਖ ਰੱਖ ਕੇ ਲਿਖੀ ਗਈ ਸੀ | ਸਾਹਿੱਤ ਸਭਾ ਦੇ ਕੈਸ਼ੀਅਰ ਦੀਪਕ ਨਾਰੰਗ ਅਤੇ ਪਰਮ ਝਾਂਬ ਨੇ ਵੱਖ ਵੱਖ ਤਰ੍ਹਾਂ ਦੇ ਗੀਤ ਸੁਣਾ ਕੇ ਸਾਹਿਤਕਾਰਾਂ ਨੂੰ ਤਾੜੀਆਂ ਵਜਾਉਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ 'ਤੇ ਅਸ਼ੋਕ ਮੈਣੀ ,ਅਮਰੀਕ ਸਿੰਘ ਬੋਪਾਰਾਏ ਵਲੋਂ ਆਪਣੀਆਂ ਰਚਨਾਵਾਂ ਵਿਚ ਕਿਸਾਨਾਂ ਦੀਆਂ ਫ਼ਸਲਾਂ ਦੇ ਘੱਟ ਰਹੇ ਝਾੜ ਅਤੇ ਮੰਡੀਆਂ ਵਿਚ ਹੋ ਰਹੀ ਲੁੱਟ ਦੇ ਸਬੰਧ ਵਿਚ ਆਪਣੀਆਂ ਰਚਨਾਵਾਂ ਸੁਣਾ ਕੇ ਸੋਚਣ ਲਈ ਮਜਬੂਰ ਕਰ ਦਿੱਤਾ | ਇਸ ਮੀਟਿੰਗ ਦੇ ਅਖੀਰ ਵਿਚ ਸਤਨਾਮ ਸਿੰਘ ਮਹਿਰਮ ਅਤੇ ਨੀਰਜ ਛਾਬੜਾ ਦੀਆਂ ਯਾਦਗਾਰ ਰਚਨਾਵਾਂ ਨਾਲ ਇਹ ਸਾਹਿੱਤ ਮਿਲਣੀ ਯਾਦਗਾਰ ਹੋ ਨਿੱਬੜੀ |