ਫ਼ਿਰੋਜ਼ਪੁਰ, 5 ਨਵੰਬਰ (ਗੁਰਿੰਦਰ ਸਿੰਘ)-ਇਕ ਪਾਸੇ ਜਿੱਥੇ ਸਮਾਜ ਦੇ ਕੁੱਝ ਲੋਕ ਘਰ ਵਿਚ ਧੀ ਜੰਮਣ ਨੂੰ ਬੋਝ ਸਮਝਦੇ ਹਨ ਉੱਥੇ ਦੂਜੇ ਪਾਸੇ ਸੂਝਵਾਨ ਲੋਕ ਅੱਜ ਦੇ ਯੁੱਗ ਵਿਚ ਧੀ ਨੂੰ ਵਿਹੜੇ ਦੀ ਰੌਣਕ ਦੱਸਦੇ ਖ਼ੁਸ਼ੀਆਂ ਮਨਾਉਂਦੇ ਹਨ | ਅਜਿਹੀ ਹੀ ਵਿਲੱਖਣ ਮਿਸਾਲ ਕਾਇਮ ਕੀਤੀ ਹੈ ਫ਼ਿਰੋਜ਼ਪੁਰ ਦੇ ਭਗਤੀ ਭਜਨ ਗਰੁੱਪ, ਹਾਰਮਨੀ ਵਨਿਅਮ, ਹਾਰਮਨੀ ਆਯੁਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਦੇ ਸੰਸਥਾਪਕ ਧਰਮਪਾਲ ਬਾਂਸਲ ਅਤੇ ਉਨ੍ਹਾਂ ਦੇ ਪਰਿਵਾਰ ਨੇ | ਧਰਮਪਾਲ ਬਾਂਸਲ ਦੇ ਘਰ ਪੋਤੀ ਦੇ ਜਨਮ ਨੇ ਘਰ ਪਰਿਵਾਰ ਵਿਚ ਇਕ ਅਲੌਕਿਕ, ਪਵਿੱਤਰ ਅਤੇ ਖ਼ੁਸ਼ੀ ਭਰੀ ਲਹਿਰ ਪੈਦਾ ਕਰ ਦਿੱਤੀ ਹੈ | ਇਕ ਨਵੀਂ ਕਿਲਕਾਰੀ, ਇਕ ਨਵਾਂ ਅਹਿਸਾਸ, ਇਕ ਨਵੀਂ ਆਸ ਅਤੇ ਇਕ ਨਵੀਂ ਰੌਸ਼ਨੀ ਘਰ ਦੀ ਚੌਖਟ 'ਤੇ ਆਉਣ ਦੀ ਖ਼ੁਸ਼ੀ ਵਿਚ ਗ੍ਰਹਿ ਪ੍ਰਵੇਸ਼ ਦਾ ਪ੍ਰੋਗਰਾਮ ਰੱਖਿਆ ਗਿਆ | ਧਰਮਪਾਲ ਬਾਂਸਲ ਨੇ ਪੋਤੀ ਦੇ ਜਨਮ ਦੀ ਖ਼ੁਸ਼ੀ ਵਿਚ ਜੋਤ ਜਗਾ ਕੇ ਆਰਤੀ ਉਤਾਰੀ ਗਈ ਅਤੇ ਸਾਰੇ ਘਰ ਵਿਚ ਦੀਪਮਾਲਾ ਕੀਤੀ ਗਈ | ਬੱਚੀ ਨੂੰ ਅਸ਼ੀਰਵਾਦ ਦਿੰਦੇ ਧਰਮਪਾਲ ਬਾਂਸਲ ਨੇ ਕਿਹਾ ਕਿ ਦੁਆ ਹੈ ਕਿ ਇਹ ਨਵੀਂ ਪੋਤੀ ਸਦਾ ਸਿਹਤਮੰਦ ਰਹੇ, ਆਪਣੇ ਗੁਣਾਂ ਨਾਲ, ਪੜ੍ਹਾਈ ਨਾਲ, ਆਪਣੇ ਸੁਪਨਿਆਂ ਨਾਲ, ਆਪਣੇ ਪਰਖ ਨਾਲ ਅਤੇ ਆਪਣੇ ਸਾਰੇ ਤਰੱਕੀ ਦੇ ਕਦਮਾਂ ਨਾਲ ਸਿਰਫ਼ ਪਰਿਵਾਰ ਦਾ ਹੀ ਨਹੀਂ, ਪੂਰੇ ਸਮਾਜ ਦਾ ਮਾਣ ਵਧਾਏ | ਅਸੀਂ ਅੱਜ ਇਹ ਵੀ ਦੇਖ ਰਹੇ ਹਾਂ ਕਿ ਦੁਨੀਆ ਵਿਚ ਕੁੜੀਆਂ ਹਰ ਮੈਦਾਨ ਜਿੱਤ ਰਹੀਆਂ ਹਨ | ਇਸ ਸ਼ੁੱਭ ਅਵਸਰ 'ਤੇ ਨਵਜਾਤ ਬੱਚੀ ਦੇ ਪਿਤਾ ਯੋਗੇਸ਼ ਬਾਂਸਲ (ਡਾਇਰੈਕਟਰ ਹਾਰਮਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਫ਼ਿਰੋਜ਼ਪੁਰ) ਅਤੇ ਮਾਤਾ ਸੀ.ਏ ਪਿ੍ਅੰਕਾ ਬਾਂਸਲ, ਨਾਨੀ ਬਿੰਦੂ ਜੈਨ, ਦਾਦੀ ਕਿਰਨ ਬਾਂਸਲ, ਵੱਡੀ ਦਾਦੀ ਕੈਲਾਸ਼ ਜਿੰਦਲ ਅਤੇ ਬੇਬੀ ਪ੍ਰਾਸ਼ੀ ਅਗਰਵਾਲ ਨੇ ਪਰਿਵਾਰ ਸਮੇਤ ਖ਼ੁਸ਼ੀਆਂ ਮਨਾਈਆਂ | ਇਸ ਮੌਕੇ 'ਤੇ ਪੰਡਿਤ ਪਵਨ ਕਾਲੀਆ ਨੇ ਮੰਤ੍ਰੋਚਾਰ ਨਾਲ ਅਰਦਾਸ ਅਤੇ ਪੂਜਾ ਸੇਵਾ ਨਿਭਾਈ | ਭਗਤੀ ਭਜਨ ਗਰੁੱਪ ਦੇ ਪ੍ਰਧਾਨ ਅਸ਼ੋਕ ਗਰਗ ਵੀ ਆਪਣੇ ਪਰਿਵਾਰ ਸਮੇਤ ਪਹੁੰਚੇ ਅਤੇ ਨੇਮ-ਨਿਯਮ ਨਾਲ ਭਜਨ ਕੀਰਤਨ ਭੇਟ ਕੀਤਾ |