03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਾਹਿਤ ਸਭਾ ਜਲਾਲਾਬਾਦ ਵਲੋਂ ਵਰਿੰਦਰ ਜੇਤਾਵਨੀ ਨਾਲ ਰੂਬਰੂ ਤੇ ਸਨਮਾਨ ਸਮਾਗਮ

ਅਜੀਤ ਡੈਸਕ 01-09-2025
ਜਲਾਲਾਬਾਦ, 31 ਅਗਸਤ (ਹਰਪ੍ਰੀਤ ਸਿੰਘ ਪਰੂਥੀ)-ਸਾਹਿਤ ਸਭਾ ਜਲਾਲਾਬਾਦ ਵਲੋਂ ਜਨਤਾ ਭਵਨ ਜਲਾਲਾਬਾਦ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਸਾਹਿਤ ਸਭਾ ਦੇ ਪ੍ਰਧਾਨ ਗੋਪਾਲ ਬਜਾਜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਤੇ ਜ਼ਿਲ੍ਹਾ ਫ਼ਾਜ਼ਿਲਕਾ 'ਚ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਲਈ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਾਹਿਤਕਾਰਾਂ ਨੂੰ ਵੀ ਹਾੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ 'ਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ | ਸਟੇਜ ਦੀ ਭੂਮਿਕਾ ਐਡਵੋਕੇਟ ਮੈਡਮ ਪ੍ਰੀਤੀ ਬਾਬੂਟਾ ਨੇ ਬਾਖ਼ੂਬੀ ਨਿਭਾਉਂਦਿਆਂ ਕਿਹਾ ਕਿ ਅੱਜ ਕੱਲ੍ਹ ਤਣਾਅ ਭਰੀ ਜ਼ਿੰਦਗੀ 'ਚ ਲੋਕ ਹੱਸਣਾ ਭੁੱਲ ਚੁੱਕੇ ਹਨ ਪਰ ਵਰਿੰਦਰ ਜੇਤਾਵਨੀ ਇੱਕ ਅਜਿਹੇ ਕਵੀ ਹਨ, ਜਿਨ੍ਹਾਂ ਨੂੰ ਸੁਣ ਕੇ ਹਰ ਇਕ ਇਨਸਾਨ ਦੀ ਤਣਾਅ ਭਰੀ ਜ਼ਿੰਦਗੀ 'ਚ ਖ਼ੁਸ਼ੀ ਦੀ ਲਹਿਰ ਦੌੜ ਉੱਠਦੀ ਹੈ | ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਲੁਧਿਆਣੇ ਤੋਂ ਪਹੁੰਚੇ ਹਾਸ-ਰਸ ਕਵੀ ਵਰਿੰਦਰ ਜੇਤਾਵਣੀ ਵਲੋਂ ਪੇਸ਼ ਕੀਤੀ ਗਈ ਕਵਿਤਾ ਜੀਜੇ ਤੋਂ ਫੁੱਫੜ, ਸਾਈਕਲ, ਵੇਲੜ ਆਦਿ ਨੇ ਦਰਸ਼ਕਾਂ ਨੂੰ ਖ਼ੂਬ ਹਸਾਇਆ, ਉਨ੍ਹਾਂ ਦੀਆਂ ਮੋਹ ਭਿੱਜੀਆਂ ਕਵਿਤਾਵਾਂ ਨੂੰ ਸੁਣਨ ਲਈ ਦਰਸ਼ਕਾਂ ਦੀ ਤਾਂਗ ਹੋਰ ਵਧਦੀ ਜਾ ਰਹੀ ਸੀ | ਜਿਸ ਕਾਰਨ ਉਨ੍ਹਾਂ ਨੂੰ ਵਾਰ ਵਾਰ ਕਵਿਤਾਵਾਂ ਸੁਣਾਉਣ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਤੇ ਉਨ੍ਹਾਂ ਦੀ ਹਰ ਇੱਕ ਕਵਿਤਾ ਤੋਂ ਬਾਅਦ ਹਾਲ ਤਾੜੀਆਂ ਨਾਲ ਗੂੰਜ ਉੱਠਦਾ ਸੀ | ਸਾਹਿਤ ਸਭਾ ਦੇ ਕੈਸ਼ੀਅਰ ਜਸਕਰਨਜੀਤ ਸਿੰਘ ਨੇ ਰੂਬਰੂ ਪ੍ਰੋਗਰਾਮ ਵਿਚ ਪਹੁੰਚੇ ਵਿਸ਼ੇਸ਼ ਮਹਿਮਾਨ ਐਡਵੋਕੇਟ ਰਜੀਵ ਬਜਾਜ, ਮਨਜੀਤ ਸਿੰਘ ਦਰਗਨ ਪ੍ਰਧਾਨ ਆੜ੍ਹਤੀਆ ਯੂਨੀਅਨ, ਸੋਨੰੂ ਛਾਬੜਾ ਪ੍ਰਧਾਨ ਛਾਬੜਾ ਵੈੱਲਫੇਅਰ ਸੁਸਾਇਟੀ, ਦੇਵਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ, ਸ਼ਹਿਜ਼ਾਦ ਦੀਵਾਨ, ਸਚਿਨ ਮਿੱਢਾ ਵਾਈਸ ਪ੍ਰਧਾਨ ਆੜ੍ਹਤੀਆ ਯੂਨੀਅਨ ਪੰਜਾਬ ਆਦਿ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਨ੍ਹਾਂ ਮਹਿਮਾਨਾਂ ਵਲੋਂ ਸਾਹਿਤ ਸਭਾ ਜਲਾਲਾਬਾਦ ਲਈ ਹਮੇਸ਼ਾ ਹੀ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਹੈ | ਜਿਸ ਕਾਰਨ ਸਾਹਿਤ ਸਭਾ ਜਲਾਲਾਬਾਦ ਪੰਜਾਬ ਪੱਧਰ ਦੇ ਕਵੀਆਂ ਨੂੰ ਬੁਲਾ ਕੇ ਰੂਬਰੂ ਪ੍ਰੋਗਰਾਮ ਕਰਾਉਂਦੀ ਰਹਿੰਦੀ ਹੈ | ਇਸ ਪ੍ਰੋਗਰਾਮ ਦੇ ਵਿਸ਼ੇਸ਼ ਸਲਾਹਕਾਰ ਪ੍ਰਵੇਸ਼ ਖੰਨਾ ਨੇ ਸਾਹਿਤ ਸਭਾ ਵਲੋਂ ਸਾਲ ਭਰ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਾਹਿਤ ਸਭਾ ਜਲਾਲਾਬਾਦ ਵਲੋਂ ਜ਼ਿਲ੍ਹੇ ਭਰ 'ਚ ਸਭ ਤੋਂ ਵੱਧ ਸਮਾਗਮ ਕਰਵਾਏ ਜਾਂਦੇ ਹਨ | ਸਮਾਗਮ 'ਚ ਪਹੁੰਚੇ ਸਾਹਿਤਕਾਰ ਸਤਨਾਮ ਸਿੰਘ ਮਹਿਰ, ਸੰਦੀਪ ਜਾਬ, ਤਿਲਕ ਰਾਜ ਕਾਹਲ, ਪ੍ਰਕਾਸ਼ ਸਿੰਘ ਦੋਸ਼ੀ, ਅਮੀਰ ਚੰਦ ਨੰਬਰਦਾਰ, ਨੀਰਜ ਛਾਬੜਾ, ਬਲਵੀਰ ਸਿੰਘ ਪਵਾਰ, ਦੀਪਕ ਨਾਰੰਗ, ਮੀਨਾ ਮਹਿਰੋਕ, ਹਰਸ਼ ਬੋਪਾਰਾਏ, ਅਰਚਨਾ ਗਾਬਾ, ਕੁਲਦੀਪ ਬਰਾੜ ਨੇ ਆਪਣੀਆਂ ਰਚਨਾਵਾਂ ਰਾਹੀਂ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਲਈ ਘਰਾਂ ਵਿਚ ਪੰਜਾਬੀ ਬੋਲਣ 'ਤੇ ਜ਼ੋਰ ਦਿੱਤਾ, ਇਨ੍ਹਾਂ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਕਿਹਾ ਕਿ ਜੇਕਰ ਅਸੀਂ ਘਰਾਂ 'ਚ ਪੰਜਾਬੀ ਬੋਲਦੇ ਹਾਂ ਤਾਂ ਹੀ ਸਾਡੀਆਂ ਨਸਲਾਂ ਨੂੰ ਮਾਂ ਬੋਲੀ ਦੇ ਨਾਲ ਜੋੜਿਆ ਜਾ ਸਕਦਾ ਹੈ | ਇਸ ਮੌਕੇ 'ਤੇ ਸ਼ਹਿਨਾਜ਼ ਦੀਪ ਕੌਰ, ਊਸ਼ਾ ਰਾਣੀ, ਕਵਿਤਾ ਖੰਨਾ, ਪਿ੍ਅੰਕਾ ਛਾਬੜਾ, ਪਰਮ ਦਰਗਣ , ਸੁਨੀਤਾ ਰਾਣੀ, ਸੁਰੇਸ਼ ਗਾਬਾ, ਸੰਦੀਪ ਹਾਂਡਾ, ਜੋਨੀ ਕੁੱਕੜ, ਦਰਸ਼ਨ ਵਰਮਾ, ਰਾਜਨ ਡੂਮੜਾ, ਗੁਰਦੀਪ ਛਾਬੜਾ, ਅਮਰੀਕ ਸਿੰਘ, ਪਰਮ ਝਾਂਬ, ਰਾਮ ਪ੍ਰਕਾਸ਼, ਚਰਨਜੀਤ ਕੌਰ, ਭਗਵਾਨ ਦਾਸ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਰਿਸੈੱਪਸ਼ਨ ਪਾਰਟੀ 'ਚ ਸ਼ਾਮਿਲ ਔਰਤਾਂ ਦੇ ਗਹਿਣਿਆਂ ਵਾਲੇ ਬੈਗ ਚੋਰੀ ਅਗਲੀ ਖ਼ਬਰ ਸ੍ਰੀ ਗਣੇਸ਼ ਉਤਸਵ ਮੌਕੇ 125 ਯੂਨਿਟ ਖ਼ੂਨਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।