ਫ਼ਾਜ਼ਿਲਕਾ, 31 ਅਗਸਤ (ਦਵਿੰਦਰ ਪਾਲ ਸਿੰਘ)-ਜਿੱਥੇ ਪੰਜਾਬ ਭਰ ਵਿਚ ਸੈਂਕੜੇ ਪਿੰਡ ਤੇ ਹਜ਼ਾਰਾਂ ਲੋਕ ਹੜ੍ਹਾਂ ਦੀ ਮਾਰ ਝੱਲ ਰਹੇ ਹਨ, ਉੱਥੇ ਹੀ ਫ਼ਾਜ਼ਿਲਕਾ ਦੇ ਕਰੀਬ 2 ਦਰਜਨ ਪਿੰਡ ਪਾਣੀ ਦੀ ਮਾਰ ਹੇਠ ਆਏ ਹੋਏ ਹਨ | ਭਾਵੇਂ ਸਰਕਾਰ ਵਲੋਂ ਇਨ੍ਹਾਂ ਪ੍ਰਭਾਵਿਤ ਪਿੰਡਾਂ 'ਚ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ | ਇਸ ਦੇ ਨਾਲ ਹੀ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੀ ਇਨ੍ਹਾਂ ਹੜ੍ਹ ਪੀੜਤਾਂ ਦੀ ਸੇਵਾ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ | ਉਸ ਦੇ ਬਾਵਜੂਦ ਵੀ ਫ਼ਾਜ਼ਿਲਕਾ ਜ਼ਿਲ੍ਹੇ ਦੇ ਕਾਵਾਂਵਾਲੀ ਪਿੰਡ ਦੇ ਨਾਲ ਲੱਗਦੇ ਪਿੰਡਾਂ ਵਿਚ ਬੇਜ਼ਬਾਨ ਪਸ਼ੂਆਂ ਲਈ ਹਰੇ ਚਾਰੇ ਦੀ ਮੰਗ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦੇ ਹੋਏ ਪਿੰਡ ਝੰਗੜ ਭੈਣੀ ਦੇ ਕਿਸਾਨ ਮੰਗਾ ਸਿੰਘ, ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਹਰ ਘਰ ਦੇ ਵਿਚ ਕਰੀਬ ਇਕ ਦੋ ਜਣੇ ਰੁਕੇ ਹੋਏ ਹਨ ਤੇ ਨਾਲ ਹੀ 400 ਦੇ ਕਰੀਬ ਪਸ਼ੂ ਵੀ ਘਰਾਂ 'ਚ ਹਨ | ਭਾਵੇਂ ਉਨ੍ਹਾਂ ਨੂੰ ਲੰਗਰ, ਪਾਣੀ ਆਦਿ ਪਹੁੰਚ ਰਿਹਾ ਹੈ, ਬਲਕਿ ਪਸ਼ੂਆਂ ਲਈ ਹਰਾ ਚਾਰਾ ਤੇ ਫੀਡ ਦੀ ਕਮੀ ਦੀ ਚਿੰਤਾ ਉਨ੍ਹਾਂ ਨੂੰ ਸੱਤਾ ਰਹੀ ਹੈ | ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪਸ਼ੂਆਂ ਦੇ ਲਈ ਹਰਾ ਚਾਰਾ ਅਤੇ ਕੈਟਲ ਫੀਡ ਮੁਹੱਈਆ ਕਰਵਾਈ ਜਾਵੇ |