ਫ਼ਾਜ਼ਿਲਕਾ, 31 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਦੇਖ ਰੇਖ 'ਚ ਜ਼ਿਲੇ੍ਹ 'ਚ ਰਾਹਤ ਕਾਰਜ ਤੇਜ਼ੀ ਨਾਲ ਜਾਰੀ ਹੈ | ਡਿਪਟੀ ਕਮਿਸ਼ਨਰ ਖ਼ੁਦ ਵੀ ਲਗਾਤਾਰ ਦੌਰੇ ਕਰਕੇ ਹਰੇਕ ਸਥਿਤੀ 'ਤੇ ਨੇੜਿਓ ਨਜ਼ਰ ਰੱਖ ਰਹੇ ਹਨ | ਬੀਤੀ ਰਾਤ ਉਨ੍ਹਾਂ ਨੇ ਲਾਧੂਕਾ ਦੇ ਰਾਹਤ ਕੈਂਪ ਦਾ ਦੌਰਾ ਕਰਕੇ ਇੱਥੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਨੇ ਦੱਸਿਆ ਕਿ ਇੱਥੇ ਰਹਿਣ ਵਾਲੇ ਲੋਕਾਂ ਨੂੰ ਖਾਣਾ, ਲੰਗਰ, ਸੁੱਕਾ ਰਾਸ਼ਨ, ਜਾਨਵਰਾਂ ਲਈ ਕੈਟਲ ਫੀਡ, ਹਰਾ ਚਾਰਾ, ਤੂੜੀ ਆਦਿ ਹਰ ਪ੍ਰਕਾਰ ਦੀ ਮਦਦ ਪਹੁੰਚਾਈ ਜਾ ਰਹੀ ਹੈ | ਹਰੇਕ ਕੈਂਪ 'ਚ ਸਿਹਤ ਵਿਭਾਗ ਤੇ ਪਸ਼ੂ ਪਾਲਨ ਵਿਭਾਗ ਦੇ ਡਾਕਟਰਾਂ ਦੀ ਟੀਮ ਪੱਕੇ ਤੌਰ 'ਤੇ ਤਾਇਨਾਤ ਕੀਤੀ ਗਈ ਹੈ | ਇਸੇ ਤਰਾਂ ਜ਼ਿਲ੍ਹੇ 'ਚ ਚੱਲ ਰਹੇ 7 ਰਾਹਤ ਕੈਂਪਾਂ ਲਈ ਹਰੇਕ ਲਈ ਇੱਕ ਸੀਨੀਅਰ ਅਧਿਕਾਰੀ ਨੂੰ ਕੈਂਪ ਇੰਚਾਰਜ ਲਗਾਇਆ ਗਿਆ ਹੈ | ਇਸ ਦੌਰਾਨ ਐੱਸ.ਡੀ.ਐਮ ਵੀਰਪਾਲ ਕੌਰ, ਐੱਸ.ਡੀ.ਓ ਮਨਪ੍ਰੀਤ ਕੰਬੋਜ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀ 21562 ਆਬਾਦੀ ਹੜ੍ਹ ਨਾਲ ਸਿੱਧੇ ਅਸਿੱਧੇ ਤਰੀਕੇ ਨਾਲ ਪ੍ਰਭਾਵਿਤ ਹੋਈ ਹੈ ਤੇ ਹੁਣ ਤੱਕ 2049 ਲੋਕਾਂ ਨੂੰ ਪ੍ਰਸ਼ਾਸਨ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ 'ਚੋਂ ਕੱਢਿਆ ਗਿਆ ਹੈ ਤੇ ਇਨ੍ਹਾਂ 'ਚੋਂ 1201 ਲੋਕ ਰਾਹਤ ਕੈਂਪਾਂ ਵਿਚ ਹਨ | ਜ਼ਿਲ੍ਹੇ 'ਚ ਹੁਣ ਤੱਕ 4558 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ ਹੈ | ਕੈਟਲ ਫੀਡ ਦੇ 2017 ਥੈਲੇ ਵੰਡੇ ਗਏ ਹਨ | 968 ਕੁਇੰਟਲ ਹਰਾ ਚਾਰਾ ਵੰਡਿਆ ਗਿਆ ਹੈ | ਐਨ.ਡੀ.ਆਰ.ਐਫ ਦੀਆਂ ਦੋ ਤੇ ਆਰਮੀ ਦੀ ਇਕ ਟੀਮ ਕਾਰਜਸ਼ੀਲ ਹੈ | ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਫ਼ੀਲਡ 'ਚ ਰਹਿ ਕੇ ਰਾਹਤ ਪਹੁੰਚਾਉਣ ਦੇ ਕੰਮਾਂ ਵਿਚ ਲੱਗਿਆ ਹੋਇਆ ਹੈ | ਸਾਰੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ | ਬੀਤੀ ਰਾਤ ਪਿੰਡ ਮੁਹਾਰ ਜਮਸ਼ੇਰ ਤੋਂ ਰਾਤ 2 ਵਜੇ ਵੀ ਇਕ ਅÏਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜੋ ਕਿ ਹੁਣ ਠੀਕ ਹੈ | ਦੂਜੇ ਪਾਸੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਮਨਦੀਪ ਕੌਰ ਨੇ ਮੌਜ਼ਮ ਤੇ ਰਾਹਤ ਕੈਂਪ ਦਾ ਰਾਤ ਸਮੇਂ ਦੌਰਾ ਕਰਕੇ ਇੱਥੇ ਰਹਿ ਰਹੇ ਲੋਕਾਂ ਦਾ ਹਾਲ ਚਾਲ ਜਾਣਿਆ ਤੇ ਉਨ੍ਹਾਂ ਨੂੰ ਦਿੱਤੀ ਜਾ ਰਹੀ ਰਾਹਤ ਦੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ |