ਫ਼ਾਜ਼ਿਲਕਾ, 31 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਸਤਲੁਜ ਦੀ ਕ੍ਰੀਕ ਦੇ ਨਾਲ ਤੋਂ ਲੈ ਕੇ ਭਾਰਤ ਪਾਕਿ ਸਰਹੱਦ ਤੱਕ ਹਰ ਸਥਾਨ 'ਤੇ ਰਾਹਤ ਕਾਰਜ ਪ੍ਰਬੰਧਾਂ ਵਿਚ ਤਨਦੇਹੀ ਨਾਲ ਲੱਗਿਆ ਹੋਇਆ ਹੈ ਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਖ਼ੁਦ ਸਾਰੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ | ਇਸੇ ਲੜੀ 'ਚ ਉਹ ਭਾਰਤ ਪਾਕਿ ਸਰਹੱਦ ਦੇ ਕੰਡਿਆਲੀ ਤਾਰ ਨਾਲ ਬਣੇ ਮੌਜਮ ਦੇ ਅਗਲੇਰੇ ਬੰਨ੍ਹ ਤੱਕ ਗਏ ਤੇ ਇਸ ਬੰਨ੍ਹ ਦੀ ਸੁਰੱਖਿਆ ਯਕੀਨੀ ਬਣਾਉਣ ਦੀਆਂ ਹਦਾਇਤਾਂ ਸਬੰਧਿਤ ਵਿਭਾਗਾਂ ਨੂੰ ਦਿੱਤੀਆਂ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਕਾਰਜਸ਼ੀਲ ਹਨ ਤੇ ਸਰਹੱਦ ਤੇ ਬੀ.ਐੱਸ.ਐਫ ਵੀ ਮੁਸ਼ਕਿਲ ਹਾਲਾਤ ਦੇ ਬਾਵਜੂਦ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਹਰ ਸਥਿਤੀ 'ਤੇ ਨਜ਼ਰ ਹੈ ਤੇ ਸਥਿਤੀ ਪੂਰੀ ਤਰ੍ਹਾਂ ਨਾਲ ਕਾਬੂ ਹੇਠ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ, ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ |