ਫ਼ਾਜ਼ਿਲਕਾ, 31 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਸਤਲੁਜ ਕਰੀਕ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਹੜ੍ਹ ਪੀੜਤ ਲੋਕਾਂ ਦਾ ਹਾਲ ਜਾਣਨ ਲਈ ਸਾਬਕਾ ਸਾਂਸਦ ਸਿਮਰਜੀਤ ਸਿੰਘ ਮਾਨ ਪਹੁੰਚੇ | ਜ਼ਿਲੇ੍ਹ ਦੇ ਸਰਹੱਦੀ ਪਿੰਡ ਕਾਂਵਾਂ ਵਾਲੀ ਵਿਖੇ ਪਹੁੰਚ ਕੇ ਸਿਮਰਨਜੀਤ ਸਿੰਘ ਮਾਨ ਵਲੋਂ ਜਿੱਥੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ, ਉੱਥੇ ਹੀ ਉਨ੍ਹਾਂ ਵਲੋਂ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਨੂੰ ਲੋਕਾਂ ਦੀ ਮਦਦ ਕਰਨ ਲਈ ਕਿਹਾ ਗਿਆ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਝੋਨੇ ਦੀ ਖ਼ਰਾਬ ਹੋਈ ਫ਼ਸਲ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ | ਸਿਮਰਨਜੀਤ ਸਿੰਘ ਮਾਨ ਵਲੋਂ ਐਨ.ਡੀ.ਆਰ.ਐਫ ਟੀਮ ਦੀ ਮਦਦ ਦੇ ਨਾਲ ਆਪਣੇ ਸਮਰਥਕਾਂ ਦੇ ਨਾਲ ਕਿਸ਼ਤੀ 'ਤੇ ਸਵਾਰ ਹੋ ਕੇ ਕਾਂਵਾਂ ਵਾਲੀ ਪੁਲ ਤੋਂ ਪਾਰ ਪੈਂਦੇ ਪਿੰਡ ਝੰਗੜ ਭੈਣੀ, ਰੇਤੇ ਵਾਲੀ ਭੈਣੀ, ਮਹਾਤਮ ਨਗਰ ਆਦਿ ਪਿੰਡਾਂ 'ਚ ਪਹੁੰਚ ਕਰਕੇ ਪਿੰਡ ਵਾਸੀਆਂ ਦਾ ਹਾਲ ਚਾਲ ਜਾਣਿਆ | ਇਸ ਮੌਕੇ ਉਨ੍ਹਾਂ ਵਲੋਂ ਪਾਕਿਸਤਾਨ ਵਿਚ ਪੈਂਦੇ ਸਿੱਖਾਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਅੰਦਰੋਂ ਪਾਣੀ ਕਢਵਾਉਣ ਤੇ ਸਫ਼ਾਈ ਪ੍ਰਬੰਧ ਕਰਨ 'ਤੇ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦਾ ਧੰਨਵਾਦ ਵੀ ਕੀਤਾ |