ਫ਼ਾਜ਼ਿਲਕਾ, 21 ਜੁਲਾਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 23 ਜੁਲਾਈ ਪਲੇਸਮੈਂਟ ਕੈਂਪ ਲੱਗੇਗਾ | ਜਿਸ 'ਚ ਰਕਸ਼ਾ ਸਿਕਿਉਰਿਟੀ ਸਰਵਿਸੇਸ ਲਿਮਿਟੇਡ (ਜੀ.ਐਮ.ਆਰ ਗਰੁੱਪ ਕੰਪਨੀ) ਵਲੋਂ ਸਕਿਉਰਿਟੀ ਗਾਰਡ ਤੇ ਮਿਡਲੈਂਡ ਮਾਈਕਰੋ ਫਾਈਨਾਂਸ ਲਿਮਟਿਡ ਵਲੋਂ ਸੈਂਟਰ ਅਫ਼ਸਰ 'ਤੇ ਇੰਡੀਵੀਜੂਅਲ ਰਿਪੇਅਮੈਂਟ ਅਫ਼ਸਰ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ 'ਚ ਘੱਟੋ ਘੱਟ ਯੋਗਤਾ 10ਵੀਂ ਪਾਸ, ਲੜਕੇ ਤੇ ਲੜਕੀਆਂ ਭਾਗ ਲੈ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਉਮਰ ਸੀਮਾ 18 ਤੋਂ 35 ਸਾਲ ਲੜਕਿਆਂ ਲਈ ਕੱਦ ਘੱਟ ਤੋਂ ਘੱਟ 5 ਫੁੱਟ 6 ਇੰਚ 'ਤੇ ਲੜਕੀਆਂ ਲਈ 5 ਫੁੱਟ 2 ਇੰਚ ਹੋਣਾ ਚਾਹੀਦਾ ਹੈ | ਪ੍ਰਾਰਥੀ ਸਰੀਰਕ ਤੌਰ 'ਤੇ ਫਿੱਟ ਹੋਣਾ ਚਾਹੀਦਾ ਹੈ | ਤਨਖ਼ਾਹ 10 ਹਜ਼ਾਰ ਤੋਂ 18 ਹਜ਼ਾਰ ਰੁਪਏ ਮਹੀਨਾ ਦਿੱਤੀ ਜਾਵੇਗੀ | ਚਾਹਵਾਨ ਪ੍ਰਾਰਥੀ ਆਪਣੇ ਅਸਲ ਸਰਟੀਫਿਕੇਟ ਦੀਆਂ ਫ਼ੋਟੋ ਕਾਪੀਆਂ ਅਤੇ ਯੋਗਤਾ ਦਾ ਵੇਰਵਾ (ਰਜ਼ਿਊਮ) ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਚੌਥੀ ਮੰਜ਼ਿਲ 'ਤੇ ਕੈਂਪ ਵਾਲੇ ਦਿਨ ਸਵੇਰੇ 10:00 ਵਜੇ ਪਹੁੰਚਣ |