ਜਲਾਲਾਬਾਦ, 21 ਜੁਲਾਈ (ਜਤਿੰਦਰ ਪਾਲ ਸਿੰਘ)-ਬਰਸਾਤੀ ਮੌਸਮ ਦੌਰਾਨ ਖਾਣ ਪੀਣ ਦੀਆਂ ਵਸਤਾਂ ਦੀ ਵਰਤੋਂ ਧਿਆਨ ਨਾਲ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਲਾਲਾਬਾਦ ਦੇ ਚੁੱਘ ਹਸਪਤਾਲ ਦੇ ਸੰਚਾਲਕ ਤੇ ਉੱਘੇ ਡਾਕਟਰ ਪ੍ਰਮੋਦ ਚੁੱਘ ਨੇ ਕਰਦੇ ਹੋਏ ਕਿਹਾ ਕਿ ਇਸ ਮੌਸਮ 'ਚ ਛੋਟੇ ਬੱਚਿਆਂ 'ਚ ਉਲਟੀਆਂ ਟੱਟੀਆਂ ਲੱਗਣ ਦਾ ਡਰ ਰਹਿੰਦਾ ਹੈ | ਜਿਸ ਨਾਲ ਉਨ੍ਹਾਂ ਦੇ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਬੱਚਾ ਮੌਤ ਦੇ ਮੂੰਹ 'ਚ ਜਾ ਸਕਦਾ ਹੈ¢ ਬਰਸਾਤ ਦੇ ਮੌਸਮ 'ਚ ਬੱਚਿਆਂ ਨੂੰ ਸਾਫ਼ ਪਾਣੀ ਪੀਣ ਲਈ ਦਿੱਤਾ ਜਾਵੇ, ਜੇਕਰ ਉਬਾਲ ਕੇ ਪਾਣੀ ਠੰਢਾ ਕਰਕੇ ਵਰਤਿਆ ਜਾਵੇ ਤਾਂ ਹੋਰ ਵੀ ਵਧੀਆ ਹੈ¢ ਉਨ੍ਹਾਂ ਕਿਹਾ ਕਿ ਦਸਤ ਰੋਗ ਦਾ ਸਹੀ ਇਲਾਜ ਓ.ਆਰ.ਐੱਸ. ਤੇ ਜ਼ਿੰਕ ਦੀਆਂ ਗੋਲੀਆਂ ਹਨ ਤੇ ਲੋੜ ਪੈਣ 'ਤੇ ਬੱਚੇ ਨੂੰ ਦਿੱਤੀਆਂ ਜਾ ਸਕਦੀਆਂ ਹਨ | ਜਿਸ ਨਾਲ ਬੱਚੇ ਦੇ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ ਤੇ ਤਾਕਤ ਬਣੀ ਰਹਿੰਦੀ ਹੈ, ਇਸ ਲਈ ਦਸਤ ਲੱਗਣ ਦੀ ਸੂਰਤ 'ਚ ਓ.ਆਰ.ਐੱਸ. ਦਾ ਘੋਲ ਤਿਆਰ ਕਰਕੇ ਬੱਚੇ ਨੂੰ ਹਰ ਦਸਤ ਤੋਂ ਬਾਅਦ ਥੋੜ੍ਹੀ ਮਾਤਰਾ 'ਚ ਲਗਾਤਾਰ ਪਿਲਾਇਆ ਜਾਵੇ¢ ਇਸ ਦੇ ਨਾਲ ਹੀ ਜ਼ਿੰਕ ਦੀਆਂ ਗੋਲੀਆਂ ਵੀ ਡਾਕਟਰ ਦੀ ਸਲਾਹ ਦੇ ਨਾਲ 14 ਦਿਨ ਦਿੱਤੀਆਂ ਜਾਣ¢ ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਵਾਲੇ ਘਰਾਂ 'ਚ ਓ.ਆਰ.ਐੱਸ. ਦੇ ਪੈਕਟ ਜ਼ਰੂਰ ਹੋਣੇ ਚਾਹੀਦੇ ਹਨ ਜੋ ਸਰਕਾਰੀ ਸਿਹਤ ਸੰਸਥਾਵਾਂ 'ਚੋਂ ਮੁਫ਼ਤ ਮਿਲਦੇ ਹਨ, ਉਨ੍ਹਾਂ ਜ਼ਿੰਕ ਦੀ ਖ਼ੁਰਾਕ ਸਬੰਧੀ ਦੱਸਿਆ ਕਿ ਜ਼ਿੰਕ ਦੀ ਗੋਲੀ ਬੱਚਿਆਂ ਦੀ ਪ੍ਰਤੀਰੋਧ ਸ਼ਕਤੀ ਵਧਾਉਂਦੀ ਹੈ¢ ਜ਼ਿੰਕ ਦੀ ਗੋਲੀ ਦੇਣ ਨਾਲ ਬੱਚਾ ਜਲਦੀ ਹੀ ਠੀਕ ਹੋ ਜਾਂਦਾ ਹੈ ਤੇ ਜ਼ਿੰਕ ਦੀ ਇਹ ਗੋਲੀ ਬੱਚੇ ਨੂੰ 3 ਮਹੀਨੇ ਤੱਕ ਦਸਤਾਂ ਤੇ ਨਮੂਨੀਆ ਵਰਗੀ ਬਿਮਾਰੀ ਤੋਂ ਵੀ ਬਚਾਈ ਰੱਖਦੀ ਹੈ¢