ਅਬੋਹਰ, 21 ਜੁਲਾਈ (ਵਿਵੇਕ ਹੂੜੀਆ)-ਹਰ ਹਫ਼ਤੇ ਸ਼ੁੱਕਰਵਾਰ ਨੂੰ ਸਮਾਜਸੇਵੀ ਵਿਪਨ ਸ਼ਰਮਾ, ਜੋ ਅਪਾਹਜਾਂ ਦੀ ਸੇਵਾ ਵਿਚ ਲੱਗੇ ਹੋਏ ਹਨ, ਅਪਾਹਜਾਂ ਲਈ ਸਰਟੀਫਿਕੇਟ ਤੇ ਰੇਲਵੇ ਪਾਸ ਬਣਵਾਉਂਦੇ ਹਨ | ਇਸ ਲੜੀ 'ਚ ਵਿਪਨ ਸ਼ਰਮਾ ਨੇ ਕੌਂਸਲਰ ਮੰਗਤ ਰਾਏ ਬਠਲਾ ਤੇ ਰੇਲਵੇ ਅਧਿਕਾਰੀਆਂ ਨਾਲ ਮਿਲ ਕੇ ਲਗਭਗ 25 ਅਪਾਹਜ ਵਿਅਕਤੀਆਂ ਨੂੰ ਰੇਲਵੇ ਪਾਸ ਵੰਡੇ | ਜਾਣਕਾਰੀ ਦਿੰਦੇ ਹੋਏ ਵਿਪਨ ਸ਼ਰਮਾ ਨੇ ਕਿਹਾ ਕਿ ਪਿਛਲੇ ਲਗਭਗ 10 ਸਾਲਾਂ ਤੋਂ ਉਨ੍ਹਾਂ ਦੀ ਇਹ ਸੇਵਾ ਨਿਰਸਵਾਰਥ ਹੋ ਕੇ ਚੱਲ ਰਹੀ ਹੈ ਤੇ ਹੁਣ ਤੱਕ ਉਨ੍ਹਾਂ ਨੇ ਸੈਂਕੜੇ ਰੇਲਵੇ ਪਾਸ ਬਣਵਾਏ ਹਨ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਅਪਾਹਜ ਵਿਅਕਤੀ ਨੂੰ ਸਰਟੀਫਿਕੇਟ ਪ੍ਰਾਪਤ ਕਰਨ, ਸਰਕਾਰੀ ਪੈਨਸ਼ਨ ਪ੍ਰਾਪਤ ਕਰਨ ਤੇ ਬੱਸ ਪਾਸ ਜਾਂ ਰੇਲਵੇ ਪਾਸ ਬਣਵਾਉਣ ਵਿਚ ਕੋਈ ਮੁਸ਼ਕਲ ਆ ਰਹੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰੇ | ਇਸ ਮੌਕੇ 'ਤੇ ਮੌਜੂਦ ਕੌਂਸਲਰ ਮੰਗਤ ਰਾਏ ਬਠਲਾ ਤੇ ਰੇਲਵੇ ਸਟੇਸ਼ਨ ਸੁਪਰਡੈਂਟ ਡੀ.ਐਨ. ਗੋਇਲ ਨੇ ਕਿਹਾ ਕਿ ਵਿਪਨ ਸ਼ਰਮਾ ਵਲੋਂ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਸ਼ਲਾਘਾਯੋਗ ਹੈ | ਇਸ ਮੌਕੇ ਰੇਲਵੇ ਪੁਲਿਸ ਸਟੇਸ਼ਨ ਦੇ ਹਰਿੰਦਰ ਸਿੰਘ ਰੰਗਪੁਰੀਆ, ਆਸ਼ੀਸ਼ ਵਰਮਾ ਆਸ਼ੂ, ਸੁਭਾਸ਼ ਸ਼ਾਕਿਆ, ਸੰਦੀਪ ਗੋਦਾਰਾ ਆਦਿ ਮੌਜੂਦ ਸਨ |