ਫ਼ਾਜ਼ਿਲਕਾ, 21 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਜਿੱਥੇ ਸਥਾਨਕ ਪ੍ਰਸ਼ਾਸਨ ਦੇ ਵਿਕਾਸ ਦੇ ਪੋਲ ਖ਼ੋਲ ਰਹੀਆਂ ਹਨ ਉੱਥੇ ਹੀ ਅੱਜ ਇਕ ਸਕੂਲੀ ਬੱਚਿਆਂ ਦੀ ਭਰੀ ਈ ਰਿਕਸ਼ਾ ਇਕ ਟੋਏ ਦੇ ਹਾਦਸੇ ਦਾ ਸ਼ਿਕਾਰ ਹੋ ਗਈ | ਡੈਡ ਹਾਊਸ ਰੋਡ ਤੋਂ ਮੁੱਖ ਡਾਕਘਰ ਜਾਂਦਿਆਂ ਪ੍ਰੇਮ ਗਲੀ ਵਾਲੇ ਚੌਕ 'ਤੇ ਸੜਕ ਦਾ ਬਹੁਤ ਮਾੜਾ ਹਾਲ ਹੈ | ਸੜਕ ਵਿਚ ਟੋਏ ਪਏ ਹੋਏ ਹਨ | ਸੋਮਵਾਰ ਦੁਪਹਿਰ ਛੁੱਟੀ ਤੋਂ ਬਾਅਦ ਇਕ ਨਿੱਜੀ ਕਾਨਵੈਂਟ ਸਕੂਲ ਦੇ ਬੱਚਿਆਂ ਨੂੰ ਘਰ-ਘਰ ਛੱਡਣ ਜਾ ਰਹੀ ਈ ਰਿਕਸ਼ਾ ਦਾ ਅਗਲਾ ਟਾਇਰ ਟੋਏ ਵਿਚ ਚਲਾ ਗਿਆ | ਜਿਸ 'ਤੇ ਈ ਰਿਕਸ਼ਾ ਦਾ ਐਕਸਲ ਟੁੱਟ ਗਿਆ | ਟਾਇਰ ਵੀ ਉਤਰ ਕੇ ਜ਼ਮੀਨ 'ਤੇ ਜਾ ਡਿੱਗਿਆ | ਬੱਚਿਆਂ 'ਤੇ ਡਰਾਈਵਰ ਵਿਚ ਘਬਰਾਹਟ ਪੈਦਾ ਹੋ ਗਈ | ਆਸ ਪਾਸ ਦੇ ਦੁਕਾਨਦਾਰਾਂ ਨੇ ਬੱਚਿਆਂ ਦੀਆਂ ਆਵਾਜ਼ਾਂ ਸੁਣ ਕੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ | ਸਾਰੇ ਬੱਚੇ ਠੀਕ ਠਾਕ ਬਾਹਰ ਆਏ | ਇਸ ਤਰ੍ਹਾਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਬੀਕਾਨੇਰੀ ਰੋਡ, ਗਊਸ਼ਾਲਾ ਰੋਡ, ਸਰਕਾਰੀ ਕਾਲਜ ਨੂੰ ਜਾਂਦੀ ਸੜਕ, ਸ੍ਰੀ ਸਿੱਧ ਹਨੂਮਾਨ ਮੰਦਿਰ ਰੋਡ ਆਦਿ ਸੜਕਾਂ ਦਾ ਬੁਰਾ ਹਾਲ ਹੋ ਚੁੱਕਿਆ ਹੈ | ਜਦ ਕਿ ਸੱਤਾਧਾਰੀ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਵਿਕਾਸ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ | ਸ਼ਹਿਰ ਦੇ ਜਾਗਰੂਕ ਲੋਕਾਂ ਨੇ ਅੱਜ ਦੀ ਇਸ ਘਟਨਾ ਤੋਂ ਬਾਅਦ ਵਿਸ਼ੇਸ਼ ਕਰਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜਾਗਣ ਦੀ ਮੰਗ ਕੀਤੀ ਹੈ ਕਿ ਉਹ ਟੁੱਟ ਰਹੀਆਂ ਸੜਕਾਂ ਦਾ ਕਾਰਨ ਵੀ ਜ਼ਰੂਰ ਲੱਭਣ | ਦੂਸਰੇ, ਤੀਸਰੇ ਸਾਲ ਸੜਕਾਂ ਕਿਉਂ ਟੁੱਟਦੀਆਂ ਹਨ | ਠੇਕੇਦਾਰਾਂ 'ਤੇ ਜ਼ਿੰਮੇਵਾਰੀ ਪਾਈ ਜਾਵੇ ਅਤੇ ਟੁੱਟੀਆਂ ਸੜਕਾਂ ਨੂੰ ਪੈਚ ਲਗਾਉਣ ਦੀ ਥਾਂ ਨਵੀਆਂ ਸੜਕਾਂ ਬਣਾਈਆਂ ਜਾਣ ਤਾਂ ਜੋ ਅਜਿਹੀ ਹੋਰ ਘਟਨਾ ਨਾ ਵਾਪਰੇ |