ਅਬੋਹਰ, 20 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)- ਇਲਾਕੇ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਆਪਣੇ ਗੁਰੂ ਘਰਾਂ 'ਚ ਬੂਟੇ ਰੱਖ ਕੇ ਸੰਗਤਾਂ ਨੂੰ ਘਰਾਂ 'ਚ ਬੂਟੇ ਲਗਾਉਣ ਤਹਿਤ ਵਾਤਾਵਰਨ ਸੰਭਾਲਣ ਸੰਬੰਧੀ ਜ਼ਰੂਰ ਪ੍ਰੇਰਿਤ ਕਰਨ | ਉਕਤ ਸ਼ਬਦ ਪੰਥਕ ਅਕਾਲੀ ਲਹਿਰ ਦੇ ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆ ਨੇ ਗੱਲਬਾਤ ਕਰਦੇ ਹੋਏ ਸਾਂਝੇ ਕੀਤੇ | ਜਥੇਦਾਰ ਜਾਮਣੀਆ ਨੇ ਕਿਹਾ ਕਿ ਸਾਉਣ ਦਾ ਮਹੀਨਾ ਚੱਲ ਰਿਹਾ ਹੈ ਤੇ ਦਿਨੋਂ ਦਿਨ ਮੌਸਮ ਵਿਚ ਵੱਡੀ ਤਬਦੀਲੀ ਆ ਰਹੀ ਹੈ | ਲਗਾਤਾਰ ਪ੍ਰਦੂਸ਼ਣ ਵੱਧ ਰਿਹਾ ਤੇ ਰੁੱਖ ਧੜਾਧੜ ਘੱਟ ਰਹੇ ਹਨ | ਜਿਸ ਕਾਰਨ ਇਨਸਾਨੀ ਜ਼ਿੰਦਗੀ ਵੀ ਬਿਮਾਰੀਆਂ ਨਾਲ ਘਿਰਦੀ ਜਾ ਰਹੀ ਹੈ | ਜਿਸ ਤਹਿਤ ਉਨ੍ਹਾਂ ਇਲਾਕੇ ਦੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਉਣ ਮਹੀਨਾ ਬੂਟੇ ਲਗਾਉਣ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਤੇ ਪ੍ਰਬੰਧਕ ਕਮੇਟੀਆਂ ਰਲ ਮਿਲ ਕੇ ਗੁਰੂ ਘਰਾਂ ਵਿਚ 1000 ਬੂਟਾ ਲਿਆ ਕੇ ਰੱਖਣ | ਪ੍ਰਬੰਧਕ ਗੁਰਦੁਆਰਾ ਆਉਣ ਵਾਲੀ ਸੰਗਤ ਬੂਟਾ ਮੁਫ਼ਤ ਪ੍ਰਸ਼ਾਦ ਦੇ ਤੌਰ 'ਤੇ ਦੇਣ ਤੇ ਨਾਲ ਹੀ ਬੂਟੇ ਲਗਾ ਕੇ ਵਾਤਾਵਰਨ ਸੰਭਾਲਣ ਪ੍ਰਤੀ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਸਾਉਣ ਮਹੀਨਾ ਦਾ ਲਾਭ ਲਿਆ ਜਾ ਸਕੇ |