ਅਬੋਹਰ, 20 ਜੁਲਾਈ (ਸੁਖਜੀਤ ਸਿੰਘ ਬਰਾੜ)-ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਸਿੱਖਿਆ ਵਿਭਾਗ 'ਚ ਭਰਤੀ ਕਲੰਡਰ ਲਾਗੂ ਕਰਨਾ, ਨਵੀਆਂ ਪੋਸਟਾਂ ਦੇਣੀਆਂ ਤਾਂ ਵੱਡੀ ਗੱਲ ਰਹੀ ਸਗੋਂ ਪਿਛਲੇ ਸਮਿਆਂ 'ਚ ਜਾਰੀ ਕੀਤੀਆਂ ਪੋਸਟਾਂ ਰੱਦ ਕੀਤੀਆਂ ਜਾ ਰਹੀਆਂ ਹਨ | ਜਿਨ੍ਹਾਂ 'ਚ ਲੈਕਚਰਾਰ ਦੀਆਂ 343, ਪੀ ਟੀ ਆਈ ਅਧਿਆਪਕਾਂ ਦੀਆਂ 646 ਤੇ ਤਾਜ਼ਾ ਸਹਾਇਕ ਪ੍ਰੋਫ਼ੈਸਰ ਦੀਆਂ 1158 ਪੋਸਟਾਂ ਵਰਨਣਯੋਗ ਹਨ | ਸਿੱਖਿਆ ਕ੍ਰਾਂਤੀ ਫੋਕਾ ਵਿਖਾਵਾ ਸਾਬਤ ਹੋ ਚੁੱਕੀ | ਇਸ ਦੇ ਤਹਿਤ ਹੀ ਜ਼ਿਲ੍ਹੇ ਫ਼ਾਜ਼ਿਲਕਾ ਦੇ ਬੇਰੁਜ਼ਗਾਰਾਂ ਦੀ ਭਰਵੀਂ ਮੀਟਿੰਗ ਅਬੋਹਰ ਦੇ ਨਹਿਰੂ ਪਾਰਕ ਵਿਖੇ ਹੋਈ | ਮੀਟਿੰਗ ਉਪਰੰਤ ਮੋਰਚੇ ਦੇ ਆਗੂਆਂ ਰਮਨ ਕੁਮਾਰ ਮਲੋਟ ਤੇ ਮੁਨੀਸ਼ ਫ਼ਾਜ਼ਿਲਕਾ ਟੈਂਕੀ ਵਾਲਾ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਵਾ 3 ਸਾਲਾਂ ਵਿਚ ਇੱਕ ਵੀ ਭਰਤੀ ਨਹੀਂ ਕੱਢੀ ਗਈ | ਜਦਕਿ ਦੂਜੇ ਪਾਸੇ ਸਰਕਾਰੀ ਸਕੂਲਾਂ ਤੇ ਕਾਲਜਾਂ 'ਚ ਵੱਡੀ ਗਿਣਤੀ ਵਿਚ ਪੋਸਟਾਂ ਖ਼ਾਲੀ ਪਈਆਂ ਹਨ | ਉਨ੍ਹਾਂ ਦੱਸਿਆ ਕਿ ਸਕੂਲਾਂ ਵਿਚ ਪਿ੍ੰਸੀਪਲ, ਲੈਕਚਰਾਰ ਕਾਡਰ ਦੀਆਂ ਪੋਸਟਾਂ ਤੋਂ ਇਲਾਵਾ ਮਾਸਟਰ ਕੇਡਰ ਦੀਆਂ ਪੋਸਟਾਂ ਵੱਡੀ ਗਿਣਤੀ 'ਚ ਖ਼ਾਲੀ ਹਨ | ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਿਚ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਵੀ ਪੋਸਟ ਨਹੀਂ ਕੱਢੀ, ਸਗੋਂ ਪਿਛਲੇ ਸਮਿਆਂ ਜਾਰੀ ਭਰਤੀਆਂ ਨੂੰ ਮੁਕੰਮਲ ਨਹੀਂ ਕੀਤਾ | ਉਨ੍ਹਾਂ ਦੱਸਿਆ ਕਿ 29 ਜੁਲਾਈ ਨੂੰ ਪੰਜਾਬ ਕੈਬਨਿਟ ਸਬ ਕਮੇਟੀ ਦੀ ਮੀਟਿੰਗ 'ਚ ਮੰਗਾਂ ਨਾ ਮੰਨੀਆਂ ਤਾਂ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ 14 ਅਗਸਤ ਨੂੰ ਸੰਗਰੂਰ ਵਿਖੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਰਮਨ ਕੁਮਾਰ, ਗੁਰਿੰਦਰ ਸਿੰਘ, ਦਿਨੇਸ਼ ਸ਼ਰਮਾ , ਸੁਨੀਲ ਫ਼ਾਜ਼ਿਲਕਾ,ਚਿਮਨ ਲਾਲ, ਵਿਪਿਨ ਬੱਲੂਆਣਾ, ਜਤਿੰਦਰ ਮੋਂਗਾ, ਸ਼ਮਸ਼ੇਰ ਦਹੀਆ, ਦੀਪਕ ਰਾਜਪੂਤ ਅਤੇ ਪਿ੍ਅੰਕਾ ਬਿਸ਼ਨੋਈ ਹਾਜ਼ਰ ਸਨ |