ਫ਼ਾਜ਼ਿਲਕਾ, 20 ਜੁਲਾਈ (ਅਮਰਜੀਤ ਸ਼ਰਮਾ)-ਸੂਬੇ ਅੰਦਰ ਭੀੜ ਭਾੜ ਵਾਲੇ ਚੌਂਕਾ ਤੇ ਜਨਤਕ ਥਾਵਾਂ 'ਤੇ ਛੋਟੇ-ਛੋਟੇ ਬੱਚਿਆਂ ਨੂੰ ਕੁੱਛੜ 'ਚ ਚੁੱਕ ਕੇ ਭੀਖ ਮੰਗਣ ਵਾਲੀਆਂ ਔਰਤਾਂ ਦੇ ਖ਼ਿਲਾਫ਼ ਪ੍ਰਸ਼ਾਸਨ ਵਲੋਂ ਲਗਾਤਾਰ ਕੀਤੀ ਜਾ ਰਹੀ ਕਾਰਵਾਈ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਕਮੇਟੀ ਦੇ ਸਾਬਕਾ ਚੇਅਰਮੈਨ ਵਿਜੇ ਕੁਮਾਰ ਮੋਂਗਾ ਨੇ ਕਿਹਾ ਕਿ ਸੂਬਾ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਡਾ.ਬਲਜੀਤ ਕੌਰ ਵਲੋਂ ਸੂਬੇ ਅੰਦਰ ਸਤੰਬਰ 2024 'ਚ ਜੀਵਨ ਜਯੋਤੀ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ | ਜਿਸ ਦੇ ਤਹਿਤ ਭੀਖ ਮੰਗਣ ਵਾਲੇ ਬੱਚਿਆਂ ਦੀ ਪਹਿਚਾਣ ਕਰਨਾ ਤੇ ਉਨ੍ਹਾਂ ਨੂੰ ਕੁੱਛੜ ਵਿਚ ਚੁੱਕ ਕੇ ਜਨਤਕ ਥਾਵਾਂ 'ਤੇ ਭੀਖ ਮੰਗ ਰਹੀਆਂ ਔਰਤਾਂ ਦਾ ਬੱਚਿਆਂ ਨਾਲ ਡੀ.ਐਨ.ਏ. ਟੈੱਸਟ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੇ ਅਸਲ ਮਾਪਿਆਂ ਦਾ ਪਤਾ ਲਗਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਪੜ੍ਹਨ ਲਿਖਣ ਦੀ ਉਮਰ 'ਚ ਇਨ੍ਹਾਂ ਬੱਚਿਆਂ ਤੋਂ ਭੀਖ ਮੰਗਣ ਦਾ ਕੰਮ ਲੈਣਾ ਬੜਾ ਨਿੰਦਣਯੋਗ ਹੈ | ਵਿਜੇ ਮੋਂਗਾ ਨੇ ਕਿਹਾ ਕਿ ਸਰਕਾਰ ਵਲੋਂ ਚੁੱਕੇ ਗਏ ਇਸ ਕਦਮ 'ਚ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਇਸ ਪਵਿੱਤਰ ਕੰਮ 'ਚ ਸਹਿਯੋਗ ਕਰਨ ਤੇ ਪੰਜਾਬ ਨੂੰ ਭਿਖਾਰੀ ਮੁਕਤ ਸੂਬਾ ਬਣਾਇਆ ਜਾਵੇ ਤੇ ਇਨ੍ਹਾਂ ਤੋਂ ਭੀਖ ਮੰਗਵਾਉਣ ਵਾਲੇ ਮਾਪਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਈ ਜਾਵੇ |