ਜਲਾਲਾਬਾਦ, 20 ਜੁਲਾਈ (ਹਰਪ੍ਰੀਤ ਸਿੰਘ ਪਰੂਥੀ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲਾਲਾਬਾਦ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਇੱਕ ਸੇਵਾ ਦਿਵਸ ਦੇ ਰੂਪ ਵਿਚ ਮਨਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਪੂਰਨ ਸਿੰਘ ਤੇ ਸਰਪ੍ਰਸਤ ਸਰਦਾਰ ਸ਼ੇਰ ਸਿੰਘ ਦੀ ਅਗਵਾਈ ਵਿਚ ਸੰਗਤੀ ਰੂਪ 'ਚ ਪਰਵਿੰਦਰ ਸਿੰਘ ਲਾਲਚੀਆਂ, ਲਾਡੀ ਦਰਗਨ, ਅੰਮਿ੍ਤਪਾਲ ਸਿੰਘ ਨੀਲਾ ਮਦਾਨ, ਇੰਦਰਜੀਤ ਸਿੰਘ ਬੱਬਰ, ਗੁਰਦੀਪ ਸਿੰਘ ਤਨੇਜਾ, ਜਤਿੰਦਰ ਸਿੰਘ ਮਿੱਠੂ, ਸੋਨੂੰ ਦਰਗਨ, ਪਰਮਪ੍ਰੀਤ ਸਿੰਘ, ਮਿੰਟੂ ਕਮਰਾ, ਜੱਸਾ ਧਮੀਜਾ, ਸੁਖਪ੍ਰੀਤ ਸਿੰਘ ਖੁਰਾਨਾ, ਗੁਰਚਰਨ ਸਿੰਘ ਕਮੀਰੀਆ, ਸਿਦਕ ਦਰਗਨ, ਸਨਮ ਦਰਗਨ, ਰਣਜੀਤ ਸਿੰਘ ਨੇ ਇਸ ਸੇਵਾ ਕਾਰਜ ਵਿਚ ਹਿੱਸਾ ਪਾਇਆ ਤੇ ਸੰਪੂਰਨ ਸਿੰਘ ਨੇ ਕਿਹਾ ਕਿ ਹਰ ਸਾਲ ਦੇ ਤਰਾਂ ਇਸ ਸਾਲ ਵੀ ਜਲਾਲਾਬਾਦ ਦੇ ਵੱਖ-ਵੱਖ ਹਸਪਤਾਲਾਂ ਵਿਚ ਜਾ ਕੇ ਮਰੀਜ਼ਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਗਈ ਤੇ ਡਾਕਟਰ ਤੇ ਸਮੂਹ ਸਟਾਫ਼ ਦੀ ਸਿਹਤਯਾਬੀ ਲਈ ਅਰਦਾਸ ਬੇਨਤੀ ਕੀਤੀ ਗਈ | ਇਸ ਦੇ ਬਾਅਦ ਵਿਚ ਹਸਪਤਾਲ ਵਿਚ ਮਰੀਜ਼ਾਂ ਲਈ ਫਲ ਫਰੂਟ ਦੀ ਸੇਵਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਕੀਤੀ ਗਈ | ਪਰਵਿੰਦਰ ਸਿੰਘ ਲਾਲਚੀਆਂ ਨੇ ਦੱਸਿਆ ਕਿ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਮਰੀਜ਼ਾਂ ਦੀ ਸੇਵਾ ਕਰਦੇ ਸਨ, ਉਨ੍ਹਾਂ ਦੇ ਪੂਰਨਿਆਂ 'ਤੇ ਸਾਰੀ ਸੰਗਤ ਨੇ ਸੰਗਤੀ ਰੂਪ ਵਿਚ ਮਰੀਜ਼ਾਂ ਲਈ ਆਤਮਿਕ ਤੇ ਸਰੀਰਕ ਰੋਗਾਂ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ |