ਫ਼ਾਜ਼ਿਲਕਾ, 19 ਜੁਲਾਈ (ਦਵਿੰਦਰ ਪਾਲ ਸਿੰਘ)-ਜਸਟਿਸ ਸ੍ਰੀ ਦੀਪਕ ਸਿੱਬਲ, ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ.ਏ.ਐੱਸ. ਨਗਰ (ਮੋਹਾਲੀ) ਅਤੇ ਸ੍ਰੀਮਤੀ ਨਵਜੋਤ ਕੌਰ, ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੀ ਅਗਵਾਈ ਹੇਠ ਅਤੇ ਮੈਡਮ ਰੂਚੀ ਸਵਪਨ ਸ਼ਰਮਾ ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਨਿਗਰਾਨੀ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਵਲੋਂ ਨਾਲਸਾ ਦੀ ਸਾਥੀ ਯੋਜਨਾ 2025 ਦੇ ਤਹਿਤ ਆਧਾਰ ਰਜਿਸਟਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ ਦੌਰਾਨ ਆਵਾਸਹੀਨ, ਬੇਸਹਾਰਾ ਅਤੇ ਅਪੰਗ ਬੱਚਿਆਂ ਦੇ ਆਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਬਣਾਏ ਅਤੇ ਰਜਿਸਟਰ ਕੀਤੇ ਗਏ | ਤਾਂ ਜੋ ਉਹ ਭਵਿੱਖ ਵਿਚ ਸਰਕਾਰੀ ਭਲਾਈ ਸਕੀਮਾਂ ਦਾ ਪੂਰਾ ਲਾਭ ਲੈ ਸਕਣ | ਇਸ ਪ੍ਰਕਿਰਿਆ ਵਿਚ ਸਹਿਯੋਗ ਦੇਣ ਲਈ ਸੇਵਾ ਕੇਂਦਰ ਅਤੇ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਮੌਕੇ 'ਤੇ ਉਪਲਬਧ ਰਹੀ | ਇਸ ਮੌਕੇ 'ਤੇ ਸਕੱਤਰ ਜੀ ਨੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੇ ਹਰ ਨਿਰਾਸ਼ਿ੍ਤ ਬੱਚੇ ਦੀ ਪਛਾਣ ਕਰਕੇ ਉਨ੍ਹਾਂ ਦਾ ਆਧਾਰ ਕਾਰਡ ਜਲਦ ਤੋਂ ਜਲਦ ਬਣਾਇਆ ਜਾਵੇ, ਤਾਂ ਜੋ ਕੋਈ ਵੀ ਬੱਚਾ ਸਰਕਾਰੀ ਸਹਾਇਤਾ ਤੋਂ ਵਾਂਝਾ ਨਾ ਰਹਿ ਜਾਵੇ | ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਅਤੇ ਜਾਣਕਾਰੀ ਲਈ ਟੋਲ ਫ਼ਰੀ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ |