ਜਲਾਲਾਬਾਦ, 19 ਜੁਲਾਈ (ਹਰਪ੍ਰੀਤ ਸਿੰਘ ਪਰੂਥੀ)-'ਭਾਈ ਘਨੱਈਆ ਵੈੱਲਫੇਅਰ ਸੁਸਾਇਟੀ' ਗੁਰਦੁਆਰਾ ਰਾਮਗੜ੍ਹੀਆ ਜਲਾਲਾਬਾਦ ਵਲੋਂ ਅੱਜ ਸਥਾਨਕ ਸ਼ਹੀਦ ਊਧਮ ਸਿੰਘ ਚੌਕ ਦੇ ਨਜ਼ਦੀਕ ਸਥਿਤ ਗੁਰਦੁਆਰਾ ਰਾਮ ਗੜੀਆਂ ਵਿਖੇ ਫਲਦਾਰ, ਛਾਂਦਾਰ ਅਤੇ ਫੁੱਲਾ ਵਾਲੇ ਬੂਟਿਆਂ ਦਾ ਲੰਗਰ ਲਗਾਇਆਂ ਗਿਆ | ਅੱਜ ਇੱਥੇ ਅਜੀਰ, ਫ਼ਾਲਸਾ ਅੰਗੂਰ, ਆੜੂ, ਸੇਬ, ਪਪੀਤਾ, ਅਮਰੂਦ, ਜ਼ਾਮਨ, ਆਂਵਲਾ, ਅਨਾਰ, ਸ਼ਤੂਤ, ਆਬਲਤਾਸ਼, ਅਰਜਨ, ਮੋਰਿਗਾ ਕਚਨਾਰ ਸੁਖਚੈਨ, ਨਿੰਮ, ਬਕੇਣ, ਟਾਹਲੀ, ਪਿੱਪਲ, ਬੋਹੜ, ਗੁਲਾਬ, ਹੇਵੀਕੱਸ ਚਾਂਦਨੀ, ਬੋਗਨਵਿਲਾ, ਸਦਾ ਬਹਾਰ ਇਲਟੇਨਾ, ਹਰੜ ਬੇਹੜਾ, ਸ਼ੂਗਰ ਵਾਲਾ ਦੇ 1100 ਪੌਦੇ ਵੰਡੇ ਗਏ ਹਨ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਸੱਗੂ, ਸੈਕਟਰੀ ਭਗਵਾਨ ਸਿੰਘ ਸੱਗੂ, ਖ਼ਜ਼ਾਨਚੀ ਗੁਰਮੀਤ ਸਿੰਘ ਵਿਰਦੀ, ਹਰਭਜਨ ਸਿੰਘ ਜੰਡੂ, ਨਿਰੰਜਨ ਸਿੰਘ ਜੰਡੂ, ਗੁਰਮੀਤ ਸਿੰਘ ਸੱਗੂ, ਲੱਕੀ ਸਿਡਾਨਾ ਆਦਿ ਮੌਜੂਦ ਸਨ | ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਦੇ ਸੈਕਟਰੀ ਸਰਦਾਰ ਭਗਵਾਨ ਸਿੰਘ ਸੱਗੂ ਨੇ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਵਲੋਂ ਗੰਧਲੇ ਅਤੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਅਤੇ ਹਰਿਆ-ਭਰਿਆ ਬਣਾਉਣ ਲਈ ਹਰੇਕ ਨਾਗਰਿਕ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਜਲਾਲਾਬਾਦ ਵਿਚ ਹਰੇਕ ਹਫ਼ਤੇ ਸ਼ਨੀਵਾਰ ਨੂੰ ਇੱਥੇ ਪੌਦੇ ਵੰਡਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੀ ਅੱਜ ਸ਼ਨੀਵਾਰ ਨੂੰ ਸ਼ੁਰੂਆਤ ਕੀਤੀ ਗਈ ਅਤੇ ਅੱਜ ਪਹਿਲੇ ਦਿਨ 1100 ਪੌਦੇ ਵੰਡੇ ਗਏ | ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਚਾਹੇ ਉਹ ਜਲਾਲਾਬਾਦ ਦਾ ਵਸਨੀਕ ਹੈ ਜਾਂ ਆਲ਼ੇ ਦੁਆਲੇ ਪੇਂਡੂ ਖੇਤਰ ਵਿਚ ਰਹਿੰਦਾ ਹੈ, ਸਕੂਲਾਂ ਨੂੰ ਫੁੱਲਾਂ, ਫਲ ਅਤੇ ਛਾਂਦਾਰ ਬੂਟਿਆਂ ਦੀ ਲੋੜ ਹੋਵੇ ਤਾਂ ਹਰ ਸ਼ਨੀਵਾਰ ਗੁਰਦੁਆਰਾ ਸਾਹਿਬ ਜਲਾਲਾਬਾਦ ਤੋਂ ਸਵੇਰੇ 11.00 ਵਜੇ ਆ ਕੇ ਬੂਟੇ ਪ੍ਰਾਪਤ ਕਰ ਸਕਦਾ ਹੈ | ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੇ ਲਈ ਹਰ ਮਨੁੱਖ ਨੂੰ ਇੱਕ-ਇੱਕ ਪੌਦਾ ਲਗਾਉਣ ਦੀ ਜ਼ਰੂਰਤ ਹੈ | ਸੁਸਾਇਟੀ ਪ੍ਰਧਾਨ ਗੁਰਮੁਖ ਸਿੰਘ ਨੇ ਕਿਹਾ ਵਾਤਾਵਰਨ ਦੇ ਵਿਚ ਵਧਦੇ ਤਾਪਮਾਨ ਨੂੰ ਮੁੱਖ ਰੱਖਦੇ ਹੋਏ, ਬੂਟਿਆਂ ਦਾ ਲਗਾਉਣਾ ਅਤੇ ਉਨ੍ਹਾਂ ਨੂੰ ਪਾਲਨਾ ਸਾਡੇ ਸਮਾਜ ਲਈ ਬਹੁਤ ਜ਼ਰੂਰੀ ਬਣ ਜਾਂਦਾ ਹੈ | ਮਨੁੱਖੀ ਹੋਂਦ ਨੂੰ ਬਚਾਉਣ ਲਈ ਸਾਡੇ ਪੌਣ-ਪਾਣੀ ਦੀ ਸਾਂਭ ਸੰਭਾਲ ਕਰਨਾ ਅਤਿ ਜ਼ਰੂਰੀ ਹੈ |