ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਇਫਕੋ ਨੇ ਫ਼ਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਵਿਖੇ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਲਈ ਖੇਤੀ 'ਚ ਤਰਲ ਨੈਨੋ ਖਾਦਾਂ ਦੀ ਵਰਤੋਂ ਵਧਾਉਣ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ | ਜਿਸ ਦੀ ਪ੍ਰਧਾਨਗੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਰਾਜਿੰਦਰ ਕੁਮਾਰ ਕੰਬੋਜ ਨੇ ਕੀਤੀ | ਇਫਕੋ ਦੇ ਡਿਪਟੀ ਜਨਰਲ ਮੈਨੇਜਰ ਹਰਮੇਲ ਸਿੰਘ, ਜ਼ਿਲ੍ਹੇ ਦੇ ਸਾਰੇ ਬਲਾਕ ਖੇਤੀਬਾੜੀ ਅਧਿਕਾਰੀ, ਖੇਤੀਬਾੜੀ ਵਿਕਾਸ ਅਧਿਕਾਰੀ, ਖੇਤੀਬਾੜੀ ਸਬ-ਇੰਸਪੈਕਟਰਾਂ ਸਮੇਤ ਆਤਮ ਯੋਜਨਾ ਦੇ ਤਕਨੀਕੀ ਅਧਿਕਾਰੀ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ | ਇਫਕੋ ਦੇ ਡਿਪਟੀ ਜਨਰਲ ਮੈਨੇਜਰ ਹਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ 'ਚ ਕਿਸਾਨ ਰਸਾਇਣਿਕ ਖਾਦਾਂ, ਖ਼ਾਸ ਕਰਕੇ ਯੂਰੀਆ ਤੇ ਡੀ.ਏ.ਪੀ ਦੀ ਵਰਤੋਂ ਸਿਫ਼ਾਰਸ਼ ਕੀਤੀ ਮਾਤਰਾ ਤੋਂ ਕਿਤੇ ਵੱਧ ਮਾਤਰਾ ਵਿਚ ਫ਼ਸਲਾਂ ਵਿਚ ਕਰ ਰਹੇ ਹਨ, ਜਿਸ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ | ਜ਼ਮੀਨੀ ਪਾਣੀ ਤੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਕਿਸਾਨਾਂ ਦੀ ਖੇਤੀ ਦੀ ਲਾਗਤ ਵੱਧ ਰਹੀ ਹੈ | ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਪ੍ਰਤੀਕੂਲ ਅੰਤਰਰਾਸ਼ਟਰੀ ਹਾਲਾਤਾਂ ਕਾਰਨ ਭਾਰਤ ਵਿਚ ਖਾਦਾਂ ਦੀ ਉਪਲਬਧਤਾ ਘੱਟ ਰਹੀ ਹੈ ਤੇ ਆਯਾਤ ਕੀਤੀਆਂ ਖਾਦਾਂ ਦੀ ਕੀਮਤ ਵੱਧ ਰਹੀ ਹੈ, ਜਿਸ ਕਾਰਨ ਕਿਸਾਨ ਚਿੰਤਤ ਹਨ, ਜਦੋਂ ਕਿ ਕੇਂਦਰ ਸਰਕਾਰ ਖਾਦਾਂ ਦੀ ਉਪਲਬਧਤਾ ਵਧਾਉਣ ਲਈ ਨਵੇਂ ਲੰਬੇ ਸਮੇਂ ਦੇ ਸਮਝੌਤੇ ਕਰ ਰਹੀ ਹੈ | ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫਕੋ ਨੇ ਭਾਰਤੀ ਖੇਤੀਬਾੜੀ ਨੂੰ ਖੇਤੀ ਵਿਚ ਰਸਾਇਣਿਕ ਖਾਦਾਂ ਦੇ ਮਾੜੇ ਪ੍ਰਭਾਵਾਂ ਤੋਂ ਸਵੈ-ਨਿਰਭਰ ਬਣਾਉਣ ਅਤੇ ਅੰਤਰਰਾਸ਼ਟਰੀ ਹਾਲਾਤਾਂ ਵਿਚ, ਦੁਨੀਆ ਦੀ ਪਹਿਲੀ ਤਰਲ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ ਤਿਆਰ ਕੀਤੀ ਹੈ | ਜਿਸ ਨੰੂ ਭਾਰਤ ਸਰਕਾਰ ਦੁਆਰਾ ਖਾਦ ਨਿਯੰਤਰਨ ਕਾਨੂੰਨ ਅਧੀਨ ਮਾਨਤਾ ਦਿੱਤੀ ਗਈ ਹੈ | ਇਫਕੋ ਦੇ ਏਰੀਆ ਅਫ਼ਸਰ ਜਗਜੀਤ ਸਿੰਘ ਨੇ ਕਿਹਾ ਕਿ ਨੈਨੋ ਡੀ.ਏ.ਪੀ ਦੀ ਵਰਤੋਂ ਬੀਜ/ਜੜ੍ਹ/ਕੰਦ ਦੇ ਇਲਾਜ ਲਈ ਬਿਜਾਈ ਸਮੇਂ ਤੇ ਬਿਜਾਈ ਤੋਂ 30-35 ਦਿਨਾਂ ਬਾਅਦ ਪੱਤਿਆਂ 'ਤੇ 4 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਨਾਲ ਛਿੜਕਾਅ ਕਰਕੇ ਕੀਤੀ ਜਾਣੀ ਹੈ ਤੇ ਨੈਨੋ ਯੂਰੀਆ ਦੀ ਵਰਤੋਂ ਫ਼ਸਲ ਦੇ ਵਾਧੇ ਦੇ ਪੜਾਅ 'ਤੇ ਪੱਤਿਆਂ 'ਤੇ ਦੋ ਵਾਰ 4 ਮਿਲੀ ਲੀਟਰ ਪ੍ਰਤੀ ਲੀਟਰ ਪਾਣੀ ਨਾਲ ਛਿੜਕਾਅ ਕਰਕੇ ਕੀਤੀ ਜਾਣੀ ਹੈ | ਡਾ. ਰਾਜਿੰਦਰ ਕੁਮਾਰ ਕੰਬੋਜ (ਮੁੱਖ ਖੇਤੀਬਾੜੀ ਅਫ਼ਸਰ) ਨੇ ਭਾਗੀਦਾਰਾਂ ਨੂੰ ਦੱਸਿਆ ਕਿ ਕਿਸਾਨਾਂ ਨੂੰ ਪੀ.ਏ.ਯੂ ਦੁਆਰਾ ਸਿਫ਼ਾਰਸ਼ ਕੀਤੀ ਮਾਤਰਾ ਵਿਚ ਹੀ ਫ਼ਸਲਾਂ ਵਿਚ ਰਸਾਇਣਿਕ ਖਾਦਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ | ਪ੍ਰੋਗਰਾਮ 'ਚ ਬਲਾਕ ਖੇਤੀਬਾੜੀ ਅਫ਼ਸਰ ਡਾ. ਪਰਮਿੰਦਰ ਸਿੰਘ ਧੰਜੂ ਤੇ ਡਾ. ਸ਼ੀਸ਼ਪਾਲ ਗੋਦਾਰਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਪ੍ਰੋਗਰਾਮ ਦਾ ਸੰਚਾਲਨ ਕਰਦੇ ਹੋਏ ਤੇ ਭਾਗੀਦਾਰਾਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ | ਇਫਕੋ ਫ਼ਾਜ਼ਿਲਕਾ ਦੇ ਏਰੀਆ ਮੈਨੇਜਰ ਨੇ ਕਿਹਾ ਕਿ ਇਫਕੋ ਫ਼ੀਲਡ ਟੀਮ ਜ਼ਿਲ੍ਹੇ ਦੇ ਪਿੰਡਾਂ ਵਿਚ ਸੰਤੁਲਿਤ ਖਾਦਾਂ ਤੇ ਇਫਕੋ ਨੈਨੋ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਵਿਭਾਗ ਨਾਲ ਕੰਮ ਕਰੇਗੀ |