ਫ਼ਾਜ਼ਿਲਕਾ, 18 ਜੁਲਾਈ (ਅਮਰਜੀਤ ਸ਼ਰਮਾ) -ਆਪਣੀ ਨੌਕਰੀ ਨੂੰ ਸੁਰੱਖਿਅਤ ਕਰਨ, ਤਨਖ਼ਾਹਾਂ 'ਚ ਵਾਧੇ ਨੂੰ ਲੈ ਕੇ ਆਲ ਪੰਜਾਬ ਡੀ ਐੱਸ ਟੀ.ਸੀ.ਟੀ ਐੱਸ ਕੰਟੈੱ੍ਰਕਟ ਇੰਸਟਰਕਟਰ ਯੂਨੀਅਨ ਦੀ ਮੀਟਿੰਗ ਯੂਨੀਅਨ ਪ੍ਰਧਾਨ ਸੰਦੀਪ ਸਿੰਘ ਗਗੜੇਵਾਲ ਦੀ ਅਗਵਾਈ ਹੇਠ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੰਦੀਪ ਸਿੰਘ, ਸਿਮਰਨਜੀਤ ਸਿੰਘ ਫ਼ਿਰੋਜ਼ਪੁਰ, ਕਿਰਨਦੀਪ ਸਿੰਘ ਰੁਪਾਣਾ, ਮਨਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਦੇ ਆਗੂਆਂ ਦੀਆਂ ਕਈ ਮੀਟਿੰਗਾਂ ਮੁੱਖ ਮੰਤਰੀ, ਵਿੱਤ ਮੰਤਰੀ, ਤਕਨੀਕ ਸਿੱਖਿਆ ਮੰਤਰੀ ਤੋਂ ਇਲਾਵਾ ਹੋਰ ਵੀ ਕਈ ਮੰਤਰੀਆਂ ਤੇ ਉੱਚ ਅਧਿਕਾਰੀਆਂ ਨਾਲ ਹੋ ਚੁੱਕੀਆਂ ਹਨ | ਪਰ ਹਰ ਮੀਟਿੰਗ 'ਚ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ ਜਾਂਦਾ ਹੈ, ਪਰ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਹੱਕੀ ਮੰਗਾਂ 'ਤੇ ਬੂਰ ਨਹੀਂ ਪਿਆ | ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੋਟਾਂ ਸਮੇਂ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਕੀਤੇ ਸਨ | ਪਰ ਸਰਕਾਰ ਬਣਨ ਤੋਂ ਬਾਅਦ ਮੁਲਾਜ਼ਮ ਆਗੂਆਂ ਨਾਲ ਸਿਰਫ਼ 'ਤੇ ਸਿਰਫ਼ ਮੀਟਿੰਗਾਂ ਕਰਕੇ ਹੀ ਸਰਕਾਰ ਆਪਣਾ ਡੰਗ ਸਾਰ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਖੀਰਲੀ ਮੀਟਿੰਗ 29 ਮਈ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਸੀ | ਜਿਸ 'ਚ ਵਿੱਤੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਤੇ ਵਿੱਤ ਵਿਭਾਗ ਦੇ ਸਕੱਤਰ ਵੀ ਮੌਜੂਦ ਸਨ | ਮੀਟਿੰਗ ਵਿਚ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ | ਪਰ 2 ਮਹੀਨੇ ਬੀਤਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਕੁੱਝ ਭਰੋਸੇਮੰਦ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਸਾਡੀ ਮੰਗਾਂ ਸਬੰਧੀ ਫਾਈਲ ਵਿੱਤ ਵਿਭਾਗ ਵਿਚ ਭੇਜੀ ਹੋਈ ਹੈ | ਜਿਸ 'ਤੇ ਵਿੱਤ ਮੰਤਰੀ ਨੇ ਰੋਕ ਲਗਾ ਰੱਖੀ ਹੈ | ਉਨ੍ਹਾਂ ਕਿਹਾ ਕਿ ਹੁਣ ਯੂਨੀਅਨ ਦੇ ਆਗੂਆਂ ਨੇ ਆਰ ਪਾਰ ਦੀ ਲੜਾਈ ਲੜਨ ਲਈ ਤਿਆਰੀ ਵਿੱਢ ਲਈ ਹੈ | ਜਿਸ ਨੂੰ ਲੈ ਕੇ 27 ਜੁਲਾਈ ਨੂੰ ਵਿੱਤ ਦੇ ਹਲਕੇ ਦਿੜ੍ਹਬਾ ਵਿਖੇ ਵੱਡੀ ਗਿਣਤੀ 'ਚ ਪੁੱਜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |