ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਵਿਦਿਆਰਥੀ ਵਰਗ ਨੂੰ ਜ਼ਿੰਦਗੀ 'ਚ ਕਾਮਯਾਬ ਹੋਣ, ਚੰਗੇ ਨਾਗਰਿਕ ਬਣਨ ਤੇ ਨਾਕਾਰਾਤਮਕ ਗਤੀਵਿਧੀਆਂ ਤੋਂ ਬਚਣ ਦੇ ਉਦੇਸ਼ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਪਹਿਲਕਦਮੀਆਂ ਆਰੰਭੀਆਂ ਜਾਂਦੀਆਂ ਹਨ | ਅਜੋਕੇ ਸਮੇਂ 'ਚ ਵਿਦਿਆਰਥੀਆਂ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਂਦਿਆਂ ਹੋਰਨਾਂ ਸਹਿ-ਵਿਦਿਅਕ ਤੇ ਖੇਡ ਗਤੀਵਿਧੀਆਂ ਨਾਲ ਜੋੜਿਆ ਜਾ ਰਿਹਾ ਹੈ | ਇਸ 'ਚ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ | ਇਸੇ ਲੜੀ ਤਹਿਤ ਅਧਿਆਪਕਾਂ ਲਈ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜੋ ਕਿ ਪੂਰੀ ਤਰ੍ਹਾਂ ਸਫ਼ਲ ਰਿਹਾ | ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਿੱਖਿਆ ਵਿਭਾਗ ਵਲੋਂ ਪੰਜ ਸੈਕਸ਼ਨਾਂ ਪਿੱਛੇ ਇਕ ਅਧਿਆਪਕ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ, ਸਿਖਲਾਈ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ) ਅਜੇ ਸ਼ਰਮਾ ਤੇ ਡਿਪਟੀ ਡੀ.ਈ.ਓ ਪਰਵਿੰਦਰ ਸਿੰਘ ਵਲੋਂ ਦੌਰਾ ਵੀ ਕੀਤਾ ਗਿਆ ਤੇ ਇਸ ਸਾਰਥਿਕ ਉਪਰਾਲੇ ਦੀ ਸ਼ਲਾਘਾ ਕੀਤੀ | ਦੋ ਰੋਜ਼ਾ ਟਰੇਨਿੰਗ ਦੌਰਾਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਲਗਭਗ 240 ਅਧਿਆਪਕਾਂ/ਲੈਕਚਰਾਰਾਂ ਨੇ ਭਾਗ ਲਿਆ | ਰਾਜ ਪੱਧਰ ਤੋਂ ਟਰੇਨਿੰਗ ਪ੍ਰਾਪਤ ਕਰ ਚੁੱਕੇ ਬਲਾਕ ਰਿਸੋਰਸ ਕੋਆਰਡੀਨੇਟਰਾਂ ਵਲੋਂ ਇਹ ਟਰੇਨਿੰਗ ਕਰਵਾਈ ਗਈ | ਜ਼ਿਲ੍ਹਾ ਨੋਡਲ ਅਫ਼ਸਰ ਵਿਜੈਪਾਲ ਨੇ ਕਿਹਾ ਕਿ ਅਧਿਆਪਕਾਂ, ਲੈਕਚਰਾਰਾਂ ਨੂੰ ਇਸ ਪ੍ਰੋਜੈਕਟ ਤੋਂ ਸੇਧ ਲੈਂਦਿਆਂ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਜਾਗਰੂਕਤਾ ਦਾ ਪ੍ਰਸਾਰ ਕਰਨਾ ਚਾਹੀਦਾ ਹੈ | ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਇਸ਼ਾਨ ਠਕਰਾਲ ਤੇ ਸਿੱਖਿਆ ਵਿਭਾਗ ਤੋਂ ਗੁਰਸ਼ਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮ ਉਲੀਕਣ ਨਾਲ ਜਿੱਥੇ ਅਧਿਆਪਕ ਵਰਗ ਨੂੰ ਨਵੀਂ ਊਰਜਾ ਮਿਲਦੀ ਹੈ, ਉੱਥੇ ਉਹ ਆਪਣੇ ਗਿਆਨ ਤੇ ਤਜਰਬੇ ਨਾਲ ਵਿਦਿਆਰਥੀਆਂ ਨੂੰ ਸਕਰਾਤਮਕ ਗਤੀਵਿਧੀਆਂ ਨਾਲ ਜੋੜਦੇ ਹਨ | ਇਸ ਸੈਸ਼ਨ ਦੌਰਾਨ ਵੱਖ-ਵੱਖ ਮਾਹਿਰਾਂ ਨੇ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ |