ਅਬੋਹਰ, 17 ਜੁਲਾਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਕਿ੍ਸ਼ੀ ਵਿਗਿਆਨ ਕੇਂਦਰ, (ਆਈ. ਸੀ. ਏ. ਆਰ.-ਸੀਫੇਟ, ਖੇਤਰੀ ਕੇਂਦਰ, ਅਬੋਹਰ) ਨੇ ਕੇ. ਵੀ. ਕੇ. ਮੁਖੀ ਅਰਵਿੰਦ ਅਹਿਲਾਵਤ ਅਤੇ ਸੀ. ਆਰ. ਐਮ. ਨੋਡਲ ਅਫ਼ਸਰ ਡਾ. ਕਿਸ਼ਨ ਪਟੇਲ ਦੀ ਅਗਵਾਈ ਹੇਠ ਇਲਾਕੇ ਦੇ ਪਿੰਡ ਬੁਰਜ ਮੁਹਾਰ 'ਚ ਪਿੰਡ ਪੱਧਰੀ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਜਾਗਰੂਕਤਾ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ | ਪ੍ਰੋਗਰਾਮ 'ਚ ਲਗਪਗ 50 ਕਿਸਾਨਾਂ ਨੇ ਸਰਗਰਮੀ ਨਾਲ ਹਿੱਸਾ ਲਿਆ | ਪ੍ਰੋਗਰਾਮ ਦਾ ਉਦੇਸ਼ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਵਾਤਾਵਰਨ ਦੇ ਨੁਕਸਾਨ ਬਾਰੇ ਜਾਗਰੂਕ ਕਰਨਾ ਅਤੇ ਇਸ ਦੇ ਵਿਗਿਆਨਕ ਤੇ ਲਾਭਦਾਇਕ ਪ੍ਰਬੰਧਨ ਉਪਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ | ਖੇਤੀਬਾੜੀ ਵਿਗਿਆਨੀਆਂ ਨੇ ਫ਼ਸਲੀ ਰਹਿੰਦ-ਖੂੰਹਦ ਦੇ ਇਨ-ਸੀਟੂ ਤੇ ਐਕਸ-ਸੀਟੂ ਪ੍ਰਬੰਧਨ ਤਰੀਕਿਆਂ ਜਿਵੇਂ ਕਿ ਮਲਚਿੰਗ, ਹੈਪੀ ਸੀਡਰ, ਸੁਪਰ ਸੀਡਰ, ਬੇਲਰ ਆਦਿ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਕਿਸਾਨਾਂ ਨੂੰ ਪਰਾਲੀ ਤੋਂ ਖਾਦ, ਚਾਰਾ, ਮਸ਼ਰੂਮ ਉਤਪਾਦਨ, ਊਰਜਾ ਉਤਪਾਦਨ ਤੇ ਜੈਵਿਕ ਖੇਤੀ ਵਿਚ ਇਸ ਦੀ ਵਰਤੋਂ ਬਾਰੇ ਵਿਸਥਾਰ ਵਿਚ ਦੱਸਿਆ | ਪ੍ਰੋਗਰਾਮ ਦੇ ਅੰਤ ਵਿਚ, ਕਿਸਾਨਾਂ ਨਾਲ ਇਕ ਗੱਲਬਾਤ ਕੀਤੀ ਗਈ, ਜਿਸ 'ਚ ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਵਿਗਿਆਨੀਆਂ ਤੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਵੀ ਪ੍ਰਾਪਤ ਕੀਤੇ | ਕਿ੍ਸ਼ੀ ਵਿਗਿਆਨ ਕੇਂਦਰ ਦੇ ਮਾਹਿਰ ਸ੍ਰੀ ਰਾਜੇਸ਼ ਕੁਮਾਰ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਅਤੇ ਇਸ ਦੇ ਪ੍ਰਬੰਧਨ ਲਈ ਉਪਲਬਧ ਖੇਤੀਬਾੜੀ ਸੰਦਾਂ ਤੇ ਸਰਕਾਰੀ ਯੋਜਨਾਵਾਂ ਦਾ ਲਾਭ ਉਠਾਉਣ | ਪਿੰਡ ਦੇ ਸਰਪੰਚ, ਪੰਚਾਇਤ ਮੈਂਬਰਾਂ ਤੇ ਸਾਰੇ ਸਥਾਨਕ ਕਿਸਾਨਾਂ ਨੇ ਵੀ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਵਿਸ਼ੇਸ਼ ਸਹਿਯੋਗ ਦਿੱਤਾ |