ਫ਼ਾਜ਼ਿਲਕਾ, 16 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਵਿਚ ਫ਼ਿਲਹਾਲ ਹੜ੍ਹ ਦਾ ਕੋਈ ਖ਼ਤਰਾ ਨਹੀਂ ਹੈ | ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ | ਜ਼ਿਲ੍ਹੇ ਦੇ ਲੋਕ ਕਿਸੇ ਘਬਰਾਹਟ ਵਿਚ ਨਾ ਆਉਣ | ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦਿੰਦਿਆਂ ਦੱਸਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਗੇਤੇ ਹੜ੍ਹ ਰੋਕੂ ਪ੍ਰਬੰਧ ਕਰਨ ਲਈ 2 ਮੀਟਿੰਗਾਂ ਕਰਕੇ ਸਾਰੇ ਪ੍ਰਬੰਧਾਂ ਦੀ ਸਮੀਖਿਆ ਕਰ ਲਈ ਹੈ ਤੇ ਪ੍ਰਸ਼ਾਸਨ ਕੋਲ ਕਿਸੇ ਵੀ ਆਫ਼ਤ ਨਾਲ ਨਜਿੱਠਣ ਲਈ ਪੂਰੀ ਤਿਆਰੀ ਹੈ ਤੇ ਲੋੜੀਂਦਾ ਸਾਜੋ ਸਮਾਨ ਹੈ | ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਘਬਰਾਹਟ ਵਿਚ ਨਾ ਆਉਣ ਦੀ ਅਪੀਲ ਕੀਤੀ ਹੈ | ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਐਨ.ਡੀ.ਆਰ.ਐਫ ਵਲੋਂ ਅੱਜ ਜੋ ਮੋਕ ਡਰਿੱਲ ਕੀਤੀ ਗਈ ਹੈ, ਉਸ ਦਾ ਹੜ੍ਹਾਂ ਦੇ ਕਿਸੇ ਤਾਜ਼ਾ ਖ਼ਤਰੇ ਨਾਲ ਸਬੰਧ ਨਹੀਂ ਹੈ, ਸਗੋਂ ਇਹ ਐਨ.ਡੀ.ਆਰ.ਐਫ ਦੀ ਇਕ ਸਾਲਾਨਾ ਕਸਰਤ ਹੈ ਤੇ ਹਰ ਸਾਲ ਹੁੰਦੀ ਹੈ | ਇਸ ਦਾ ਉਦੇਸ਼ ਸਰਕਾਰੀ ਮਸ਼ੀਨਰੀ ਨੂੰ ਹੜ੍ਹਾਂ ਦੌਰਾਨ ਰਾਹਤ ਕਾਰਜਾਂ ਦੀ ਸਿਖਲਾਈ ਦੇਣਾ ਹੁੰਦਾ ਹੈ | ਇਸ ਲਈ ਇਸ ਡਰਿੱਲ ਨੂੰ ਹੜ੍ਹਾਂ ਦੇ ਖ਼ਤਰੇ ਨਾਲ ਜੋੜ ਕੇ ਨਾ ਵੇਖਿਆ ਜਾਵੇ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰੇਨਜ਼ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਡੈਮਾਂ ਤੇ ਹਰੀਕੇ ਹੈੱਡਵਰਕਸ ਤੋਂ ਪਾਣੀ ਦੀ ਨਿਕਾਸੀ ਵਧਣ ਤੇ ਅਗਾਊਾ ਤੌਰ 'ਤੇ ਸੂਚਿਤ ਕੀਤਾ ਜਾਵੇ ਤਾਂ ਜੋ ਪ੍ਰਸ਼ਾਸਨ ਜ਼ਰੂਰਤ ਅਨੁਸਾਰ ਲੋਕਾਂ ਨੂੰ ਵੀ ਜਾਣਕਾਰੀ ਦੇ ਸਕੇ ਅਤੇ ਉਸੇ ਅਨੁਸਾਰ ਸਾਰੇ ਪ੍ਰਬੰਧ ਕਰ ਸਕੇ | ਓਧਰ ਡਰੇਨਜ਼ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗੁਰਵੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਫ਼ਿਲਹਾਲ ਡੈਮਾਂ ਤੋਂ ਕੋਈ ਪਾਣੀ ਸਤਲੁਜ ਵਿਚ ਨਹੀਂ ਆ ਰਿਹਾ ਹੈ ਅਤੇ ਇਹ ਬਰਸਾਤੀ ਪਾਣੀ ਹੈ ਤੇ ਮੁਹਾਰ ਜਮਸ਼ੇਰ ਪਿੰਡ ਵਿਚ ਵੀ ਦਰਿਆ ਦਾ ਪਾਣੀ ਨਹੀਂ ਆਇਆ ਹੈ ਸਗੋਂ ਖੇਤਾਂ ਵਿਚ ਸਿਰਫ਼ ਮੀਂਹ ਦਾ ਪਾਣੀ ਹੈ | ਵਿਭਾਗ ਦੀ ਟੀਮ ਨੇ ਪਿੰਡ ਦਾ ਦੌਰਾ ਕੀਤਾ ਹੈ ਤੇ ਵਿਭਾਗ ਹਰ ਸਥਿਤੀ ਤੇ ਨੇੜਿਓਾ ਨਜ਼ਰ ਰੱਖ ਰਿਹਾ ਹੈ ਤੇ ਕਿਸੇ ਪ੍ਰਕਾਰ ਦੇ ਡਰ ਦੀ ਗੋਈ ਗੱਲ ਨਹੀਂ ਹੈ |