13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਮੀਂਹ ਤੇ ਸੀਵਰੇਜ ਦੇ ਪਾਣੀ ਨਾਲ ਸੀਤੋ ਰੋਡ ਦਾ ਹੋਇਆ ਮੰਦੜਾ ਹਾਲ

ਅਜੀਤ ਡੈਸਕ 17-07-2025
ਅਬੋਹਰ, 16 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਬੀਤੇ ਦਿਨੀਂ ਅਬੋਹਰ ਸ਼ਹਿਰ ਵਿਚ ਪਏ ਭਾਰੀ ਮੀਂਹ ਉਪਰੰਤ ਜਿੱਥੇ ਸ਼ਹਿਰ ਦੇ ਕਈ ਹਿੱਸਿਆਂ 'ਚ ਮੀਂਹ ਦੇ ਪਾਣੀ ਦੀ ਨਿਕਾਸੀ ਹੋ ਚੁੱਕੀ ਹੈ, ਉੱਥੇ ਹੀ ਸ਼ਹਿਰ ਦੇ ਬੇਹੱਦ ਨੀਵੇਂ ਇਲਾਕਿਆਂ ਵਿਚ ਮੀਂਹ ਦੇ ਪਾਣੀ ਤੇ ਸੀਵਰੇਜ ਦੇ ਓਵਰਫ਼ਲੋ ਹੋਣ ਕਾਰਨ ਹਾਲਾਤ ਬੇਹੱਦ ਤਰਸਯੋਗ ਬਣੇ ਹੋਏ ਹਨ | ਅਬੋਹਰ ਦੇ ਤਹਿਸੀਲ ਕੰਪਲੈਕਸ ਦੇ ਮੰਦੇ ਹਾਲ ਤੋਂ ਬਾਅਦ ਸਥਾਨਕ ਸੀਤੋ ਰੋਡ ਰੇਲਵੇ ਫਾਟਕ ਨੇੜੇ ਮੀਂਹ ਅਤੇ ਸੀਵਰੇਜ ਦੇ ਪਾਣੀ ਕਾਰਨ ਸੜਕ ਦਾ ਬੇਹੱਦ ਬੁਰਾ ਹਾਲ ਹੋ ਚੁੱਕਾ ਹੈ | ਉਕਤ ਮਾਰਗ ਤੋਂ ਹਰ ਰੋਜ਼ ਹਜ਼ਾਰਾਂ ਵਿਦਿਆਰਥੀ ਸਕੂਲ ਅਤੇ ਕਾਲਜਾਂ ਨੂੰ ਜਾਂਦੇ ਹਨ ਜਦ ਕਿ ਕਈ ਨਿੱਜੀ ਹਸਪਤਾਲ ਵੀ ਹੋਣ ਕਾਰਨ ਮਰੀਜ਼ਾਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ | ਸੀਤੋ ਰੋਡ 'ਤੇ ਲਗਾਤਾਰ ਖੜੇ ਮੀਂਹ ਦੇ ਪਾਣੀ ਅਤੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਸੜਕ ਦਾ ਵੀ ਬੁਰਾ ਹਾਲ ਹੋਣ ਕਾਰਨ ਕਈ ਥਾਈਾ ਵੱਡੇ ਖੱਡੇ ਬਣ ਚੁੱਕੇ ਹਨ | ਜਿਸ ਕਾਰਨ ਕਈ ਵਾਰ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ ਜਦ ਕਿ ਈ ਰਿਕਸ਼ਾ ਚਾਲਕ ਕਈ ਵਾਰ ਪਲਟਣ ਕਾਰਨ ਸਵਾਰੀਆਂ ਦੇ ਬੇਹੱਦ ਗੰਭੀਰ ਸੱਟਾਂ ਵੀ ਲੱਗੀਆਂ ਹਨ | ਉਕਤ ਸਮੱਸਿਆ ਸੰਬੰਧੀ ਮਹੱਲਾ ਵਾਸੀਆਂ ਨੇ ਕਈ ਵਾਰ ਨਗਰ ਨਿਗਮ ਸਣੇ ਉਪ ਮੰਡਲ ਮੈਜਿਸਟਰੇਟ ਨੂੰ ਵੀ ਗੁਹਾਰ ਲਗਾਈ ਹੈ ਪਰ ਉਕਤ ਸਮੱਸਿਆ ਦਾ ਕੋਈ ਵੀ ਸਥਾਈ ਹੱਲ ਨਹੀਂ ਕੀਤਾ ਗਿਆ | ਜਿਸ ਕਾਰਨ ਸੀਤੋ ਰੋਡ ਦੇ ਵਸਨੀਕਾਂ ਵਿਚ ਨਗਰ ਨਿਗਮ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ | ਸੀਤੋ ਰੋਡ ਤੋਂ ਹਸਪਤਾਲ, ਸਕੂਲ, ਕਾਲਜ ਤੋਂ ਇਲਾਵਾ ਤਹਿਸੀਲ ਕੰਪਲੈਕਸ ਤੇ ਅਦਾਲਤਾਂ ਵਿਚ ਆਉਣ-ਜਾਣ ਲਈ ਹਜ਼ਾਰਾਂ ਲੋਕ ਹਰ ਰੋਜ਼ ਇਸ ਮਾਰਗ ਦੇ ਮਾਰਫ਼ਤ ਆਪਣਾ ਸਫ਼ਰ ਕਰਦੇ ਹਨ ਪਰ ਫਿਰ ਵੀ ਨਗਰ ਨਿਗਮ ਪ੍ਰਸ਼ਾਸਨ ਅਤੇ ਜ਼ਿਲ੍ਹਾ ਅਮਲਾ ਉਕਤ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ ਜਦ ਕਿ ਹਾਲੇ ਕੁੱਝ ਸਮਾਂ ਪਹਿਲਾਂ ਹੀ ਪੀ.ਡਬਲਯੂ.ਡੀ. ਵਲੋਂ ਬਣਾਈ ਗਈ ਸੀਤੋ ਰੋਡ 'ਤੇ ਸੀਵਰੇਜ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੀਤੋ ਰੋਡ ਰੇਲਵੇ ਫਾਟਕ ਨੇੜੇ ਬੇਹੱਦ ਖ਼ਰਾਬ ਹੋ ਚੁੱਕੀ ਹੈ | ਜਿਸ ਕਾਰਨ ਰਾਹਗੀਰ ਸੜਕ ਨੂੰ ਛੱਡ ਕੇ ਨਾਲ ਲੱਗਦੇ ਪੈਦਲ ਫੁੱਟਪਾਥ ਰਾਹੀਂ ਆਪਣੀ ਮੰਜ਼ਿਲ ਨੂੰ ਵਧਦੇ ਹਨ, ਜਿਸ ਕਰਕੇ ਸੜਕ ਤਾਂ ਨੁਕਸਾਨੀ ਹੀ ਗਈ ਹੈ ਜਦ ਕਿ ਜਲਦੀ ਹੀ ਫੁੱਟਪਾਥ ਵੀ ਟੁੱਟ ਸਕਦਾ ਹੈ | ਇਸ ਲਈ ਮੁਹੱਲਾ ਵਾਸੀਆਂ ਸਣੇ ਆਮ ਰਾਹਗੀਰਾਂ ਨੇ ਵੀ ਨਗਰ ਨਿਗਮ ਤੋਂ ਉਕਤ ਸਮੱਸਿਆ ਦਾ ਸਥਾਈ ਹੱਲ ਕੀਤੇ ਜਾਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਨਗਰ ਨਿਗਮ ਦੇ ਮੇਅਰ ਵਿਮਲ ਠੱਠਈ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਤੋ ਰੋਡ ਦੇ ਕਈ ਇਲਾਕੇ ਨੀਵੇਂ ਹੋਣ ਸੁਪਰ ਸਕਸ਼ਨ ਮਸ਼ੀਨ ਲਗਾ ਕੇ ਨਿਕਾਸੀ ਦਾ ਕੰਮ ਚੱਲ ਰਿਹਾ ਹੈ ਤੇ ਜਲਦ ਹੀ ਉਕਤ ਸਮੱਸਿਆ ਦਾ ਪੱਕਾ ਹੱਲ ਕਰਵਾ ਕੇ ਸੜਕ ਦੀ ਵੀ ਵਿਭਾਗ ਵਲੋਂ ਮੁਰੰਮਤ ਕਰਵਾਈ ਜਾਵੇਗੀ |
ਪਿਛਲੀ ਖ਼ਬਰ ਮੁਹੱਲਾ ਰਾਠੌਰਾਂ ਵਾਲਾ 'ਚ ਡਾਕਟਰ ਵਲੋਂ ਖ਼ੁਦਕੁਸ਼ੀ, ਵਾਰਸਾਂ ਨੇ ਕੀਤਾ ਕਤਲ ਦਾ ਸ਼ੱਕ ਅਗਲੀ ਖ਼ਬਰ ਜੁਆਇੰਟ ਫੋਰਮ ਦੇ ਸੱਦੇ 'ਤੇ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਵਲੋਂ ਸਰਕਲ ਦਫ਼ਤਰ ਸਾਹਮਣੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।