ਅਬੋਹਰ, 15 ਜੁਲਾਈ (ਵਿਵੇਕ ਹੂੜੀਆ)-ਪਿਛਲੇ ਤਿੰਨ ਦਿਨਾਂ ਤੋਂ ਮਲੋਟ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਅਬੋਹਰ ਦੀ ਨਹਿਰ 'ਚੋਂ ਮਿਲੀ | ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਰੱਖ ਦਿੱਤਾ | ਮਿ੍ਤਕ 22 ਸਾਲਾਂ ਨੌਜਵਾਨ ਦੀਆਂ ਚੱਪਲਾਂ ਮਲੋਟ ਵਿਚ ਹੀ ਨਹਿਰ ਦੇ ਕੰਢੇ ਪਈਆਂ ਮਿਲੀਆਂ | ਜਾਣਕਾਰੀ ਅਨੁਸਾਰ ਮਿ੍ਤਕ ਪਵਨ ਕੁਮਾਰ ਪੁੱਤਰ ਲੇਖ ਰਾਜ ਦੇ ਭਰਾ ਮੈਨ ਪਾਲ ਨੇ ਦੱਸਿਆ ਕਿ ਉਸ ਦਾ ਭਰਾ ਪੜਿ੍ਹਆ-ਲਿਖਿਆ ਸੀ ਤੇ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਸੀ | ਐਤਵਾਰ ਦੁਪਹਿਰ ਨੂੰ ਉਹ ਆਪਣੀ ਮਾਂ ਨੂੰ ਕਹਿ ਕੇ ਮੋਟਰਸਾਈਕਲ 'ਤੇ ਘਰੋਂ ਨਿਕਲਿਆ ਕਿ ਉਹ ਥੋੜ੍ਹੀ ਦੇਰ 'ਚ ਵਾਪਸ ਆ ਜਾਵੇਗਾ | ਸ਼ਾਮ ਤੱਕ ਵਾਪਸ ਨਹੀਂ ਆਇਆ | ਜਦੋਂ ਦੇਰ ਸ਼ਾਮ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਦੀਆਂ ਚੱਪਲਾਂ ਨਹਿਰ ਦੇ ਕੰਢੇ ਪਈਆਂ ਮਿਲੀਆਂ | ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨਹਿਰ 'ਚ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਅੱਜ ਦੁਪਹਿਰ ਉਸ ਦੀ ਲਾਸ਼ ਅਬੋਹਰ ਦੇ ਕੰਧਵਾਲਾ ਰੋਡ ਤੋਂ ਲੰਘਦੀ ਝਾਲ ਵਾਲੀ ਨਹਿਰ 'ਚ ਫਸੀ ਹੋਈ ਮਿਲੀ | ਨਹਿਰ 'ਚ ਉਸ ਦੀ ਲਾਸ਼ ਪਈ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੁਖੀ ਰਾਜੂ ਚਰਾਇਆ ਨੂੰ ਸੂਚਿਤ ਕੀਤਾ, ਜਿਸ 'ਤੇ ਕਮੇਟੀ ਮੈਂਬਰ ਸੋਨੂੰ ਗਰੋਵਰ ਤੇ ਬਿੱਟੂ ਨਰੂਲਾ ਮੌਕੇ 'ਤੇ ਪਹੁੰਚੇ ਤੇ ਸਬੰਧਿਤ ਥਾਣੇ ਦੇ ਏ.ਐੱਸ.ਆਈ ਬਲਵਿੰਦਰ ਸਿੰਘ ਦੀ ਮੌਜੂਦਗੀ 'ਚ ਲਾਸ਼ ਨੂੰ ਬਾਹਰ ਕੱਢਿਆ | ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਦੀ ਪਛਾਣ ਕਰਕੇ ਪੋਸਟਮਾਰਟਮ ਲਈ ਰੱਖ ਦਿੱਤਾ | ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਪਵਨ ਨੇ ਇਹ ਕਦਮ ਕਿਉਂ ਚੁੱਕਿਆ ਤੇ ਉਹ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਚਾਹੁੰਦੇ, ਉਹ ਸਿਰਫ਼ ਚਾਹੁੰਦੇ ਹਨ ਕਿ ਪੁਲਿਸ ਜਲਦ ਹੀ ਉਸ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਉਨ੍ਹਾਂ ਨੂੰ ਸੌਂਪ ਦੇਵੇ ਤਾਂ ਜੋ ਉਹ ਉਸ ਦਾ ਅੰਤਿਮ ਸੰਸਕਾਰ ਕਰ ਸਕਣ |