ਜ਼ੋਨ ਰਾਏਚੱਕ ਤੋਂ ਬਲਾਕ ਸੰਮਤੀ ਚੋਣ 'ਚ ਭਾਜਪਾ ਤੇ 'ਆਪ' ਦੇ ਉਮੀਦਵਾਰ ਦਰਮਿਆਨ ਹੋਵੇਗਾ ਸਖ਼ਤ ਮੁਕਾਬਲਾ
ਅਜੀਤ ਡੈਸਕ
09-12-2025
ਕੋਟਲੀ ਸੂਰਤ ਮੱਲ੍ਹੀ, 8 ਦਸੰਬਰ (ਕੁਲਦੀਪ ਸਿੰਘ ਨਾਗਰਾ)- ਪੰਜਾਬ 'ਚ 14 ਦਸੰਬਰ ਨੂੰ ਹੋ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਭਾਵੇਂ ਜ਼ਿਆਦਾਤਰ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਹੋਣ ਕਰ ਕੇ ਸੱਤਾ ਧਿਰ ਨਾਲ ਸਬੰਧਤ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ ਪਰ ਜ਼ੋਨ ਰਾਏਚੱਕ ਤੋਂ ਸਾਰੇ ਹੀ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਸਹੀ ਪਾਏ ਜਾਣ 'ਤੇ ਇਸ ਜ਼ੋਨ ਵਿਚ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਰਮਿਆਨ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ, ਜਦੋਂ ਕਿ ਸ਼ੋ੍ਰਮਣੀ ਅਕਾਲੀ ਦਲ ਵਲੋਂ ਇਨ੍ਹਾਂ ਪੇਂਡੂ ਚੋਣਾਂ ਵਿਚ ਜ਼ਿਆਦਾਤਰ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਹੋਣ ਕਰ ਕੇ ਸੰਮਤੀ ਚੋਣਾਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ | ਜ਼ੋਨ ਰਾਏਚੱਕ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਜੀਤ ਕੌਰ ਪਤਨੀ ਕੁਲਦੀਪ ਸਿੰਘ ਤੇ ਭਾਜਪਾ ਦੀ ਉਮੀਦਵਾਰ ਉਘੇ ਆਗੂ ਜਥੇਦਾਰ ਸੋਹਣ ਸਿੰਘ ਮੰਮਣ ਦੀ ਨੂੰ ਹ ਸੰਦੀਪ ਕੌਰ ਚੋਣ ਮੈਦਾਨ ਵਿਚ ਹਨ | ਇਨ੍ਹਾਂ ਦੋਵਾਂ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਆਪੋ-ਆਪਣੀਆ ਪਾਰਟੀਆਂ ਦੇ ਹੱਕ ਵਿਚ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਜ਼ੋਨ ਅਧੀਨ ਪੈਂਦੇ ਸਾਰੇ ਪਿੰਡਾਂ ਦੇ ਮੌਜ਼ੂਦਾ ਸਰਪੰਚ ਸੱਤਾ ਧਿਰ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ, ਜਦੋਂ ਕਿ ਭਾਜਪਾ ਦੇ ਆਗੂ ਵਿਜੇ ਸੋਨੀ ਦਾ ਵੀ ਇਨ੍ਹਾਂ ਪਿੰਡਾਂ ਵਿਚ ਚੰਗਾ ਅਸਰ-ਰਸੂਖ ਦੱਸਿਆ ਜਾ ਰਿਹਾ ਹੈ | ਭਾਜਪਾ ਆਗੂਆਂ ਵਲੋਂ ਆਪਣੀ ਚੋਣ ਮੁਹਿੰਮ ਨੂੰ ਭਖਾ ਦਿੱਤਾ ਗਿਆ ਹੈ ਤੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ | ਇਸ ਜ਼ੋਨ ਵਿਚ ਦੋਵਾਂ ਉਮੀਦਵਾਰਾਂ ਦਰਮਿਆਨ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਬਣੀ ਦਿਖਾਈ ਦੇ ਰਹੀ ਹੈ, ਜਦੋਂ ਕਿ ਸ਼ੋ੍ਰਮਣੀ ਅਕਾਲੀ ਦਲ ਵਲੋਂ ਬਾਈਕਾਟ ਕਰਨ ਕਰ ਕੇ ਅਕਾਲੀ ਦਲ ਦੇ ਵਰਕਰ ਕਿਸ ਨੂੰ ਵੋਟ ਪਾਉਂਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ |