ਗੁਰਦਾਸਪੁਰ, 8 ਦਸੰਬਰ (ਅਸ਼ੋਕ ਸ਼ਰਮਾ)- ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 14 ਦਸੰਬਰ ਨੰੂ ਹੋਣ ਜਾ ਰਹੀਆਂ ਹਨ | ਲੋਕ ਪੰਜਾਬ ਸਰਕਾਰ ਦੇ ਵਿਕਾਸ ਦੇ ਮੁੱਦਿਆਂ ਨੰੂ ਮੁੱਖ ਰੱਖਦੇ ਹੋਏ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੰੂ ਜਿੱਤਾਉਣ ਲਈ ਪੱਬਾਂ ਭਾਰ ਹੋਏ ਪਏ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ 'ਆਪ' ਆਗੂ ਤੇ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਵਲੋਂ ਇਕ ਪ੍ਰੈੱਸ ਵਾਰਤਾ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਅੰਦਰ ਬਲਾਕ ਸੰਮਤੀ ਦੇ 21 ਜ਼ੋਨ ਹਨ ਤੇ 15 ਜ਼ੋਨਾਂ ਵਿਚ 'ਆਪ' ਉਮੀਦਵਾਰ ਬਿਨਾਂ ਮੁਕਾਬਲੇ ਜਿੱਤ ਗਏ ਹਨ ਤੇ ਬਾਕੀ 6 ਉਮੀਦਵਾਰ ਵੀ ਸ਼ਾਨਦਾਰ ਜਿੱਤ ਹਾਸਲ ਕਰਨਗੇ | ਉਨ੍ਹਾਂ ਮੌਜੂਦਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਸ ਵਲੋਂ ਹਮੇਸ਼ਾ ਗ਼ਲਤ ਰਾਜਨੀਤੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਵਿਧਾਇਕ ਨੇ ਜੋ ਐਸ.ਡੀ.ਐਮ. ਖਿਲਾਫ਼ ਘਟੀਆ ਸ਼ਬਦਾਵਲੀ ਬੋਲੀ ਹੈ, ਉਸ ਦੀ ਉਹ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਨ | ਉਨ੍ਹਾਂ ਕਿਹਾ ਕਿ ਵਿਧਾਇਕ ਪਾਹੜਾ ਆਪਣੀ ਬੋਲੀ ਵਿਚ ਸੁਧਾਰ ਕਰਨ | ਇਨ੍ਹਾਂ ਦੀ ਹਮੇਸ਼ਾ ਇਹ ਫਿਤਰਤ ਰਹੀ ਹੈ, ਲੋਕਾਂ 'ਤੇ ਗ਼ਲਤ ਨਜਾਇਜ਼ ਕੇਸ ਦਰਜ ਕਰਕੇ ਲੋਕਾਂ ਨੰੂ ਗੁੰਮਰਾਹ ਕਰਦੇ ਆ ਰਹੇ ਹਨ ਪਰ ਹੁਣ ਲੋਕ ਇਨ੍ਹਾਂ ਦੀਆਂ ਗ਼ਲਤ ਚਾਲਾਂ ਦੇ ਝਾਂਸੇ 'ਚ ਨਹੀਂ ਆਉਣ ਵਾਲੇ | ਉਨ੍ਹਾਂ ਕਿਹਾ ਕਿ ਪਾਹੜਾ ਪਰਿਵਾਰ ਵਲੋਂ ਗ਼ਲਤ ਰਾਜਨੀਤੀ ਕਰ ਕੇ ਲੱਖਾਂ ਕਰੋੜਾਂ ਰੁਪਏ ਕਮਾਏ ਗਏ ਹਨ, ਜੋ ਹੁਣ ਲੋਕਾਂ ਸਾਹਮਣੇ ਹੌਲੀ-ਹੌਲੀ ਨਸ਼ਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਵਲੋਂ ਨਗਰ ਕੌਂਸਲ 'ਤੇ ਕਬਜ਼ਾ ਕਰਕੇ ਗ਼ਲਤ ਤਰੀਕੇ ਨਾਲ ਵਪਾਰੀਆਂ ਨੰੂ ਗੁੰਮਰਾਹ ਕਰਕੇ ਉਨ੍ਹਾਂ ਨੰੂ ਦੋਵਾਂ ਹੱਥਾਂ ਨਾਲ ਲੁੱਟਿਆ ਗਿਆ ਹੈ | ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ, ਗੁਰਦਾਸਪੁਰ ਦਾ ਵਪਾਰੀ ਵਰਗ ਕਾਫੀ ਖੁਸ਼ ਨਜ਼ਰ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸਾਫ਼ ਸੁਥਰੀ ਰਾਜਨੀਤੀ ਨੰੂ ਤਰਜ਼ੀਹ ਦਿੰਦੇ ਹਨ ਤੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਲੋਕਾਂ ਦੀ ਸੇਵਾ ਤੇ ਵਿਕਾਸ ਨੰੂ ਸਮਰਪਿਤ ਹਨ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਵਿਕਾਸ ਦੀਆਂ ਹਨੇਰੀਆਂ ਲੈ ਆਉਂਦੀਆਂ ਹਨ ਜਿਸ ਕਰਕੇ ਵਿਰੋਧੀ ਪਾਰਟੀਆਂ ਬੌਖਲਾਹਟ ਵਿਚ ਆ ਕੇ ਗ਼ਲਤ ਦੂਸ਼ਣਬਾਜ਼ੀ ਕਰ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ ਜਾ ਰਹੀ ਹੈ ਅਤੇ ਕਿਸੇ ਨਾਲ ਕੋਈ ਵੀ ਮਤਭੇਦ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ, ਸਰਪੰਚ, ਪੰਚ ਅਤੇ ਹੋਰ ਆਗੂ ਪਾਰਟੀ ਨਾਲ ਚਟਾਨ ਵਾਂਗ ਖੜੇ ਹਨ | ਗੁਰਦਾਸਪੁਰ ਜ਼ਿਲ੍ਹੇ ਅੰਦਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ 'ਤੇ 'ਆਪ' ਦਾ ਹੀ ਕਬਜ਼ਾ ਹੋਵੇਗਾ | ਇਸ ਮੌਕੇ ਪ੍ਰੈੱਸ ਕਾਨਫਰੰਸ ਵਿਚ 'ਆਪ' ਆਗੂ ਨੀਰਜ ਸਲੋਤਰਾ, ਨਿਸ਼ਾਨ ਸਿੰਘ, ਰਣਜੀਤ ਸਿੰਘ, ਸਰਪੰਚ ਬਲਜੀਤ ਸਿੰਘ ਬੋਪਾਰਾਏ, ਹਿਤੇਸ਼ ਮਹਾਜਨ, ਰਘਬੀਰ ਸਿੰਘ, ਉਂਕਾਰ ਸਿੰਘ, ਜਗਜੀਤ ਸਿੰਘ ਪਿੰਦਾ, ਰਜਿੰਦਰ ਕੁਮਾਰ, ਰਣਯੋਧ ਸਿੰਘ, ਪ੍ਰਭਦਿਆਲ ਸਿੰਘ ਅਤੇ ਰੌਬਿਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਰਪੰਚ ਅਤੇ ਪੰਚ ਆਦਿ ਹਾਜ਼ਰ ਸਨ |