19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਜ਼ੋਨ ਕੋਟਲੀ ਸੂਰਤ ਮੱਲ੍ਹੀ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ 'ਆਪ', ਕਾਂਗਰਸ, ਭਾਜਪਾ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਅੱਜ ਕਰਨਗੇ ਨਾਮਜ਼ਦਗੀ ਪੱਤਰ ਦਾਖਲ

ਅਜੀਤ ਡੈਸਕ 04-12-2025
ਕੋਟਲੀ ਸੂਰਤ ਮੱਲ੍ਹੀ, 3 ਦਸੰਬਰ (ਕੁਲਦੀਪ ਸਿੰਘ ਨਾਗਰਾ)- ਪੰਜਾਬ 'ਚ 14 ਦਸੰਬਰ ਨੂੰ ਹੋ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਭਾਵੇਂ ਲੋਕਾਂ 'ਚ ਉਤਸ਼ਾਹ ਘੱਟ ਹੈ ਪਰ 2027 'ਚ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀ ਇਨ੍ਹਾਂ ਪੇਂਡੂ ਚੋਣਾਂ ਲਈ ਪੱਬਾਂਭਾਰ ਹੋਈਆਂ ਪਈਆਂ ਹਨ ਤੇ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਲੋਕਾਂ 'ਚ ਆਪਣਾ ਵਧੀਆ ਪ੍ਰਭਾਵ ਬਣਾਉਣ ਲਈ ਸ਼ਿਰਤੋੜ ਯਤਨ ਕਰ ਰਹੀਆਂ ਹਨ | ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਿਆਸੀ ਪਾਰਟੀਆਂ ਦੇ ਸੀਨੀਅਰ ਵਲੋਂ ਆਪਣੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਤੇ ਕੁਝ ਪਾਰਟੀ ਦੇ ਅਜਿਹੇ ਉਮੀਦਵਾਰ ਵੀ ਚੋਣ ਮੈਦਾਨ 'ਚ ਆ ਰਹੇ ਹਨ, ਜਿਹੜੇ ਚੋਣ ਲੜਨਾ ਨਹੀਂ ਚਾਹੁੰਦੇ ਪਰ ਉਨ੍ਹਾਂ ਨੂੰ ਸੀਨੀਅਰ ਆਗੂਆਂ ਵਲੋਂ ਮੈਦਾਨ ਡੱਟਣ ਲਈ ਕਿਹਾ ਜਾ ਰਿਹਾ ਹੈ | ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਜ਼ੋਨ ਕੋਟਲੀ ਸੂਰਤ ਮੱਲ੍ਹੀ ਜਿਹੜਾ ਕਿ ਜਨਰਲ ਇਸਤਰੀ ਲਈ ਹੈ, ਤੋਂ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਸੁਦਰਸ਼ਨਾ ਕੁਮਾਰੀ, ਜੋ ਕਿ ਗਰਦਾਵਰ ਸਵਿੰਦਰਪਾਲ ਸਿੰਘ ਦੀ ਪਤਨੀ ਹਨ, ਉਨ੍ਹਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜਦੋਂ ਕਿ ਕਾਂਗਰਸ ਪਾਰਟੀ ਵਲੋਂ ਨੌਜਵਾਨ ਆਗੂ ਤੇਜਬੀਰ ਸਿੰਘ ਦੀ ਪਤਨੀ ਜਗਮੀਤ ਕੌਰ, ਸ਼ੋ੍ਰਮਣੀ ਅਕਾਲੀ ਦਲ ਵਲੋਂ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਢਿਲਵਾਂ ਦੀ ਭਰਜਾਈ ਜਸਮੀਤ ਕੌਰ ਢਿਲਵਾਂ ਤੇ ਭਾਰਤੀ ਜਨਤਾ ਪਾਰਟੀ ਵਲੋਂ ਉੱਘੇ ਕਾਰੋਬਾਰੀ ਤੇ ਆਗੂ ਵਿਜੇ ਕੁਮਾਰ ਸੋਨੀ ਦੀ ਪਤਨੀ ਵੀਨਾ ਕੁਮਾਰੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਦੱਸਿਆ ਜਾ ਰਿਹਾ ਹੈ | ਜ਼ੋਨ ਕੋਟਲੀ ਸੂਰਤ ਮੱਲ੍ਹੀ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਵਲੋਂ ਅੱਜ 4 ਦਸੰਬਰ ਨੂੰ ਆਪਣੇ ਨਾਮਜ਼ਦਗੀ ਪੇਪਰ ਭਰੇ ਜਾ ਰਹੇ ਹਨ | ਇਨ੍ਹਾਂ ਚੋਣਾਂ ਲਈ ਭਾਵੇਂ ਲੋਕਾਂ ਨੇ ਅਜੇ ਖ਼ਾਮੋਸ਼ੀ ਧਾਰੀ ਹੋਈ ਹੈ ਪਰ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਸਿਆਸੀ ਆਗੂ ਪੱਬਾਂਭਾਰ ਹੋਏ ਪਏ ਹਨ ਤੇ ਇਨ੍ਹਾਂ ਚੋਣਾਂ 'ਚ ਆਪਣਾ ਚੰਗਾ ਪ੍ਰਭਾਵ ਦੇਣ ਲਈ ਵਿਉਂਤਾਂ ਬਣਾ ਰਹੇ ਹਨ ਜਿਸ ਵੱਡੇ ਉਤਸ਼ਾਹ ਨਾਲ ਸਿਆਸੀ ਆਗੂਆਂ ਵਲੋਂ ਇਨ੍ਹਾਂ ਚੋਣਾਂ ਵਿਚ ਆਪਣੀ ਦਿਲਚਸਪੀ ਦਿਖਾਈ ਜਾ ਰਹੀ ਹੈ, ਆਉਣ ਵਾਲੇ ਦਿਨਾਂ ਦੌਰਾਨ ਚੋਣ ਅਖਾੜਾ ਪੂਰਾ ਭਖਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ | ਜ਼ੋਨ ਕੋਟਲੀ ਸੂਰਤ ਮੱਲ੍ਹੀ ਤੋਂ ਚੋਣ ਮੈਦਾਨ 'ਚ ਆ ਰਹੇ ਚਾਰੇ ਪਾਰਟੀਆਂ ਦੇ ਉਮੀਦਵਾਰ ਚੰਗੇ ਪਰਿਵਾਰ ਚੋ ਤੇ ਜਾਣ-ਪਹਿਚਾਣ ਵਾਲਿਆਂ ਦੇ ਹੋਣ ਕਰ ਕੇ ਇਸ ਜ਼ੋਨ 'ਚ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ, ਜਦੋਂ ਕਿ 1994 ਤੋਂ ਬਾਅਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ ਜ਼ੋਨ ਵਿਚ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ 20 ਤੋਂ ਵੱਧ ਪਿੰਡਾਂ ਆ ਰਹੇ ਹਨ, ਜਦੋਂ ਕਿ ਇਸ ਤੋਂ ਪਹਿਲਾਂ ਇਸ ਜ਼ੋਨ ਦੇ ਸਾਰੇ ਹੀ ਪਿੰਡ ਡੇਰਾ ਬਾਬਾ ਨਾਨਕ ਹਲਕੇ ਦੇ ਹੀ ਹੁੰਦੇ ਸਨ | ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨ ਲਈ ਅੱਜ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪਣੇ ਕਾਗਜ਼ਾਤ ਪੂਰੇ ਕਰਨ ਲਈ ਭੱਜ-ਦੌੜ ਕਰਦੇ ਦਿਖਾਈ ਦਿੱਤੇ | ਆਉਣ ਵਾਲੇ ਦਿਨਾਂ 'ਚ ਇਨ੍ਹਾਂ ਪੰਚਾਇਤੀ ਚੋਣਾਂ ਦਾ ਚੋਣ ਅਖਾੜਾ ਪੂਰਾ ਤਰ੍ਹਾਂ ਭਖਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਭਾਸ਼ਾ ਦਫ਼ਤਰ ਗੁਰਦਾਸਪੁਰ ਵਿਖੇ ਉਰਦੂ ਆਮੋਜ਼ ਦੀਆਂ ਜਮਾਤਾਂ 1 ਜਨਵਰੀ ਤੋਂ ਅਗਲੀ ਖ਼ਬਰ ਲੋਕਾਂ ਦਾ ਸਾਥ ਆਮ ਆਦਮੀ ਪਾਰਟੀ ਨਾਲ ਹੈ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸ਼ਾਨ ਨਾਲ ਜਿੱਤਾਂਗੇ : ਵਿਧਾਇਕ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।