ਪਠਾਨਕੋਟ, 20 ਨਵੰਬਰ (ਵਿਨੋਦ)- ਪਠਾਨਕੋਟ 'ਚ ਇਕ ਸਕੂਲ ਵਿਚ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਸਕੂਲ ਦੇ ਚਾਰ ਵਿਦਿਆਰਥੀ ਹੋਸਟਲ 'ਚੋਂ ਗ਼ਾਇਬ ਹੋ ਗਏ, ਜਿਨ੍ਹਾਂ ਨੂੰ ਪੁਲਿਸ ਵਲੋਂ ਦਿੱਲੀ ਤੋਂ ਬਰਾਮਦ ਕਰਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ | ਐੱਸ.ਐੱਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਠਾਨਕੋਟ ਦੇ ਇਕ ਬੋਰਡਿੰਗ ਸਕੂਲ ਦੇ 4 ਵਿਦਿਆਰਥੀ ਸਕੂਲ ਪ੍ਰਬੰਧਕਾਂ ਨਾਲ ਮਨ ਮੁਟਾਅ ਦੇ ਚੱਲਦੇ ਹੋਸਟਲ ਵਿਚੋਂ ਗ਼ਾਇਬ ਹੋ ਗਏ ਜਿਸ ਦੀ ਸੂਚਨਾ ਪੁਲਿਸ ਨੂੰ ਮਿਲਣ 'ਤੇ ਪਠਾਨਕੋਟ ਪੁਲਿਸ ਫ਼ੌਰਨ ਹਰਕਤ ਵਿਚ ਆਈ ਤੇ ਪੁਲਿਸ ਟੀਮਾਂ ਗਠਿਤ ਕਰਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਪੁਲਿਸ ਕੋਲ ਹੁਣ ਲੇਟੈਸਟ ਟੈਕਨਾਲੋਜੀ ਹੋਣ ਦੇ ਚੱਲਦੇ ਵਿਦਿਆਰਥੀ ਨੂੰ ਟਰੇਸ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਵਿਦਿਆਰਥੀ ਕੋਲ ਬਹੁਤੇ ਪੈਸੇ ਵੀ ਨਹੀਂ ਸਨ, ਉਹ ਪਠਾਨਕੋਟ ਤੋਂ ਟਰੇਨ ਤੁਰੰਤ ਫੜ ਕੇ ਵਾਇਆ ਰੋਹਤਕ ਦਿੱਲੀ ਪਹੁੰਚੇ, ਉਨ੍ਹਾਂ ਕੋਲ ਫੋਨ ਵੀ ਸੀ | ਪੁਲਿਸ ਦੀ ਟੈਕਨੀਕਲ ਵਿੰਗ ਵਲੋਂ ਉਨ੍ਹਾਂ ਨੂੰ ਟਰੇਸ ਕਰਨ ਦੇ ਬਾਅਦ ਸਾਡੇ ਵਲੋਂ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਦੇ ਧਿਆਨ 'ਚ ਮਾਮਲਾ ਲਿਆਂਦਾ ਗਿਆ ਤੇ ਸੀਨੀਅਰ ਅਫ਼ਸਰਾਂ ਵਲੋਂ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ ਗਿਆ ਜਿਸ 'ਤੇ ਦਿੱਲੀ ਪੁਲਿਸ ਵਲੋਂ ਰੇਲਵੇ ਸਟੇਸ਼ਨ ਦਿੱਲੀ ਤੋਂ ਇਨ੍ਹਾਂ ਵਿਦਿਆਰਥੀ ਨੂੰ ਬਰਾਮਦ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਪਠਾਨਕੋਟ ਪੁਲਿਸ ਵਲੋਂ ਚਾਰੇ ਵਿਦਿਆਰਥੀ ਇਹ ਬਰਾਮਦ ਕਰਕੇ ਪਠਾਨਕੋਟ ਲਿਆਂਦੇ ਗਏ ਹਨ | ਉਨ੍ਹਾਂ ਦੱਸਿਆ ਕਿ ਇਹ ਚਾਰੋ ਵਿਦਿਆਰਥੀ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਹਨ ਤੇ ਇੱਥੇ ਹੋਸਟਲ ਵਿਚ ਹੀ ਰਹਿੰਦੇ ਸਨ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਰਾਤ ਨੂੰ ਬੁਲਾ ਲਿਆ ਗਿਆ ਸੀ ਤੇ ਇਹ ਵਿਦਿਆਰਥੀ ਉਨ੍ਹਾਂ ਦੇ ਹਵਾਲੇ ਕਰ ਦਿੱਤੇ ਹਨ |