ਪਠਾਨਕੋਟ, 20 ਨਵੰਬਰ (ਵਿਨੋਦ)- ਮਾਧੋਪੁਰ ਦਰਿਆ ਵਿਚੋਂ ਨਿਕਲਦੀ ਯੂ.ਬੀ.ਡੀ.ਸੀ. ਅੱਪਰਬਾਰੀ ਦੁਆਬ ਨਹਿਰ ਨੇ ਹੜ੍ਹਾਂ ਦੇ ਦੌਰਾਨ ਓਵਰਫ਼ਲੋ ਹੋ ਕੇ ਪਠਾਨਕੋਟ ਜ਼ਿਲ੍ਹੇ ਦੇ ਕਈ ਕਸਬਿਆਂ ਅਤੇ ਪਿੰਡਾਂ 'ਚ ਕਹਿਰ ਮਚਾ ਦਿੱਤਾ ਸੀ | ਓਵਰਫ਼ਲੋ ਦੇ ਚੱਲਦੇ ਉਕਤ ਨਹਿਰ 'ਚ ਮਾਧੋਪੁਰ-ਸਰਨਾ ਨੈਸ਼ਨਲ ਹਾਈਵੇ 'ਤੇ ਕਈ ਜਗ੍ਹਾ ਪਾੜ ਪੈ ਗਏ ਸਨ ਜਿਸ ਕਾਰਨ ਲੋਕਾਂ ਦਾ ਕਰੋੜਾਂ ਰੁਪਇਆਂ ਦਾ ਨੁਕਸਾਨ ਹੋ ਗਿਆ ਸੀ ਤੇ ਕਈਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਸਨ ਉੱਥੇ ਹੀ ਨਹਿਰੀ ਵਿਭਾਗ ਵਲੋਂ ਯੂ.ਬੀ.ਡੀ.ਸੀ. ਅੱਪਰਬਾਰੀ ਦੁਆਬ ਨਹਿਰ ਦੇ ਪਾੜਾਂ ਦੀ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ | ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿੰਚਾਈ ਵਿਭਾਗ ਵਲੋਂ ਇਨ੍ਹਾਂ ਪਾੜਾਂ ਦੇ ਮੁਰੰਮਤ ਦੇ ਕੰਮ ਨੂੰ ਗੰਭੀਰਤਾ ਪੂਰਕ ਨਹੀਂ ਲਿਆ ਜਾ ਰਿਹਾ ਹੈ ਜਿੱਥੇ ਮੁਰੰਮਤ ਲਗਾਈ ਜਾ ਰਹੀ ਹੈ ਉਥੋਂ ਕਈ ਥਾਵਾਂ ਤੋਂ ਮੁਰੰਮਤ ਬੈਠ ਗਈ ਹੈ ਜਾਂ ਉੱਖੜ ਗਈ ਹੈ ਜਿਸ ਕਾਰਨ ਫਿਰ ਤੋਂ ਕੋਈ ਗੰਭੀਰ ਸਥਿਤੀ ਬਣ ਸਕਦੀ ਹੈ | ਸੂਤਰਾਂ ਦੀ ਮੰਨੀਏ ਤਾਂ ਨਹਿਰੀ ਵਿਭਾਗ ਮਾਤਰ ਪਾੜਾਂ ਨੂੰ ਪੂਰ ਕੇ ਖਾਨਾਪੂਰਤੀ ਕਰ ਰਿਹਾ ਹੈ ਜਿਸ ਨਾਲ ਫਿਰ ਤੋਂ ਜੇਕਰ ਹੜ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਲੋਕਾਂ ਦੀ ਜਾਨ-ਮਾਲ ਦਾ ਖ਼ਤਰਾ ਬਣ ਸਕਦਾ ਹੈ | ਜਦ ਇਸ ਸੰਬੰਧ ਵਿਚ ਸਿੰਚਾਈ ਵਿਭਾਗ ਦੇ ਜੂਨੀਅਰ ਇੰਜੀਨੀਅਰ ਬਰਿੰਦਰ ਸਿੰਘ ਬੁੱਟਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿੱਥੋਂ ਮੁਰੰਮਤਾਂ ਟੁੱਟ ਗਈਆਂ ਹਨ ਜਾਂ ਬੈਠ ਗਈਆਂ ਹਨ, ਉਨ੍ਹਾਂ ਨੂੰ ਫਿਰ ਮੁਰੰਮਤ ਕਰਵਾ ਦਿੱਤਾ ਜਾਵੇਗਾ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਹ ਗੰਭੀਰਤਾ ਵਾਲਾ ਕੰਮ ਹੈ, ਇਸ ਨੂੰ ਅਣਗੌਲਿਆ ਕਿਉਂ ਕੀਤਾ ਜਾ ਰਿਹਾ ਹੈ? ਤਾਂ ਜੇ.ਈ. ਨੇ ਕਿਹਾ ਕੋਈ ਗੱਲ ਨਹੀਂ ਪਹਿਲਾਂ ਤਾਂ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ, ਓਵਰਫ਼ਲੋ ਹੋ ਗਿਆ ਸੀ ਤਾਂ ਨਹਿਰ ਟੁੱਟ ਗਈ, ਹੁਣ ਕੋਈ ਗੱਲ ਨਹੀਂ ਮੁਰੰਮਤ ਫਿਰ ਕਰਵਾ ਦਿਆਂਗੇ |