ਗੁਰਦਾਸਪੁਰ, 20 ਨਵੰਬਰ (ਅਸ਼ੋਕ ਸ਼ਰਮਾ)- ਹਲਕਾ ਇੰਚਾਰਜ ਰਮਨ ਬਹਿਲ ਵਲੋਂ ਅੱਜ ਗੁਰਦਾਸਪੁਰ ਵਾਸੀਆਂ ਨੂੰ ਸ਼ਾਨਦਾਰ ਤੋਹਫ਼ਾ ਦਿੱਤਾ ਗਿਆ | ਉਨ੍ਹਾਂ ਵਲੋਂ ਗੁਰਦਾਸਪੁਰ ਹਲਕੇ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਤੇਜ਼ ਕਰਦਿਆਂ 32 ਕਰੋੜ 55 ਲੱਖ 81 ਹਜ਼ਾਰ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ ਸ਼ਹਿਰ ਦੀਆਂ ਸੜਕਾਂ ਦੀ ਵਿਕਾਸ ਪੱਖੋਂ ਕਾਇਆ ਕਲਪ ਕਰਵਾਈ ਜਾਵੇਗੀ | ਅੱਜ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਵਿਚਲੀਆਂ ਪੀ.ਡਬਲਿਊ.ਡੀ ਅਧੀਨ ਆਉਂਦੀਆਂ 15.65 ਕਿੱਲੋਮੀਟਰ ਸੜਕਾਂ ਦਾ ਵਿਕਾਸ 23 ਕਰੋੜ 89 ਲੱਖ 73 ਹਜ਼ਾਰ ਰੁਪਏ ਦੀ ਲਾਗਤ ਨਾਲ ਕਰਵਾਇਆ ਜਾਵੇਗਾ ਜਿਸ ਸੰਬੰਧੀ ਐਫ.ਡੀ ਵਿਭਾਗ ਤੋਂ ਮਨਜ਼ੂਰੀ ਮਿਲ ਗਈ ਹੈ ਤੇ ਜਲਦ ਟੈਂਡਰ ਲੱਗ ਜਾਵੇਗਾ | ਉਨ੍ਹਾਂ ਦੱਸਿਆ ਕਿ ਸੜਕਾਂ ਨੂੰ ਚੌੜਿਆਂ, ਮਜ਼ਬੂਤ ਕਰਨ ਤੋਂ ਇਲਾਵਾ ਸਾਈਡਾਂ 'ਤੇ ਇੰਟਰਲਾਕ ਟਾਈਲਾਂ ਲਗਾਈਆਂ ਜਾਣਗੀਆਂ | ਇਸ ਤੋਂ ਇਲਾਵਾ ਨਗਰ ਕੌਂਸਲ ਅਧੀਨ ਆਉਂਦੀਆਂ ਕਰੀਬ 7 ਕਿੱਲੋਮੀਟਰ ਸੜਕਾਂ ਦਾ ਨਿਰਮਾਣ ਕਰੀਬ 7 ਕਰੋੜ 88 ਲੱਖ ਦੀ ਲਾਗਤ ਨਾਲ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੜਕਾਂ ਦੀ ਮੁਰੰਮਤ ਵਿਚ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਲਿਆਉਣ ਲਈ ਟੈਂਡਰਾਂ 'ਚ ਨਵੀਂ ਮੱਦ ਜੋੜੀ ਹੈ ਜਿਸ ਤਹਿਤ ਜੋ ਠੇਕੇਦਾਰ ਸੜਕ ਬਣਾਵੇਗਾ, ਉਹ ਪੰਜ ਸਾਲਾਂ ਲਈ ਸੜਕ ਦੀ ਮੇਨਟੀਨੈਂਸ ਲਈ ਵੀ ਜ਼ਿੰਮੇਵਾਰ ਹੋਵੇਗਾ | ਉਨ੍ਹਾਂ ਕਿਹਾ ਕਿ ਜੇਕਰ ਇਸ ਸਮੇਂ ਦੌਰਾਨ ਸੜਕ ਟੁੱਟਦੀ ਹੈ ਤਾਂ ਸੜਕ ਦੀ ਮੁਰੰਮਤ ਠੇਕੇਦਾਰ ਵਲੋਂ ਹੋਵੇਗੀ | ਰਮਨ ਬਹਿਲ ਨੇ ਕਿਹਾ ਕਿ ਇਹ ਸੰਪਰਕ ਸੜਕਾਂ ਬਣਨ ਨਾਲ ਹਲਕਾ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਵੇਗੀ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਲੋਕਾਂ ਦੀ ਇਸ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੰਤਵ ਸੂਬੇ ਦਾ ਸਰਵਪੱਖੀ ਵਿਕਾਸ ਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ | ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਕਾਸ ਲਈ ਯਤਨਸ਼ੀਲ ਰਹੇ ਹਨ ਤੇ ਗੁਰਦਾਸਪੁਰ ਨੂੰ ਨੰਬਰ ਇਕ ਹਲਕਾ ਬਣਾਉਣਾ ਉਨ੍ਹਾਂ ਦਾ ਸੁਪਨਾ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਤੇ ਸੀਵਰੇਜ ਸਮੱਸਿਆ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹਨ ਤੇ ਐੱਸ.ਟੀ.ਪੀ. ਵੀ ਪੰਜਾਬ ਸਰਕਾਰ ਦੀ ਦੇਣ ਹੈ ਅਤੇ ਉਹ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵਚਨਬੱਧ ਹਨ | ਗੁਰਦਾਸਪੁਰ ਹਲਕੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਲਈ ਚੇਅਰਮੈਨ ਰਮਨ ਬਹਿਲ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ | ਇਸ ਮੌਕੇ ਮਾਰਕੀਟ ਦੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ, ਇੰਪਰੂਵਮੈਂਟ ਟਰੱਸਟ ਦੇ ਮੈਂਬਰ ਰਘੁਬੀਰ ਸਿੰਘ ਖ਼ਾਲਸਾ, ਹਿਤੇਸ਼ ਮਹਾਜਨ, ਜਗਜੀਤ ਸਿੰਘ ਪਿੰਟਾ ਸਕੱਤਰ, ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਕੋਆਰਡੀਨੇਟਰ ਰਾਜਿੰਦਰ ਨੰਦਾ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਨੀਰਜ ਸਲਹੋਤਰਾ, ਵਪਾਰ ਮੰਡਲ ਦੇ ਚੇਅਰਮੈਨ ਅਸ਼ੋਕ ਮਹਾਜਨ, ਪ੍ਰਧਾਨ ਰਵੀ ਮਹਾਜਨ ਆਦਿ ਮੌਜੂਦ ਸਨ |