ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਪੂਰੇ ਪੰਜਾਬ ਪੁਲਿਸ ਵਿਭਾਗ ਲਈ ਮਾਣ ਦੇ ਪਲ ਵਜੋਂ ਬਟਾਲਾ ਪੁਲਿਸ ਨੇ ਇਕ ਵਿਸ਼ੇਸ਼ ਮੀਲ ਪੱਥਰ ਹਾਸਲ ਕੀਤਾ ਹੈ | ਪੰਜਾਬ ਦੀ ਪਹਿਲੀ ਪੁਲਿਸ ਜ਼ਿਲ੍ਹਾ ਬਣ ਕੇ ਜਿਸ ਨੇ ਸਭ ਤੋਂ ਵੱਧ ਗੁੰਮ ਮੋਬਾਈਲ ਫੋਨ ਲੱਭ ਕੇ ਮਾਲਕਾਂ ਤੱਕ ਪਹੁੰਚਾਏ ਹਨ | ਇਹ ਉਪਲੱਬਧੀ ਪੁਲਿਸ ਸੇਵਾ, ਤਕਨੀਕੀ ਸਮੱਗਰਤਾ ਤੇ ਜਨ ਹਿੱਤ ਵਿਚ ਨਵੇਂ ਮਾਪਦੰਡ ਸਥਾਪਿਤ ਕਰਦੀ ਹੈ | ਸ਼੍ਰੀ ਗੌਰਵ ਯਾਦਵ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਅਤੇ ਸਪੈਸ਼ਲ ਡੀ.ਜੀ.ਪੀ. ਸਾਇਬਰ ਕ੍ਰਾਈਮ ਦੇ ਦੂਰਦਰਸ਼ੀ ਮਾਰਗ ਦਰਸ਼ਨ ਹੇਠ ਬਟਾਲਾ ਦੇ ਸਾਇਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਲਗਪਗ ਇਕ ਸਾਲ ਪਹਿਲਾਂ 'ਤੁਹਾਡਾ ਗੁੰਮ ਹੋਇਆ ਮੋਬਾਈਲ ਹੁਣ ਵਾਪਸ ਤੁਹਾਡੇ ਹੱਥ' ਮੁਹਿੰਮ ਸ਼ੁਰੂ ਕੀਤੀ ਸੀ | ਇਸ ਮੁਹਿੰਮ ਰਾਹੀਂ ਅਤੇ ਦੂਰਸੰਚਾਰ ਵਿਭਾਗ (ਡੀ.ਓ.ਟੀ.) ਭਾਰਤ ਸਰਕਾਰ ਦੇ ਸੈਂਟਰਲ ਇਕੁਇਪਮੈਂਟ ਆਈਡੈਂਟਿਟੀ ਰਜਿਸਟਰ (ਸੀ.ਈ.ਆਈ.ਆਰ.) ਪੋਰਟਲ ਦੀ ਸਹਾਇਤਾ ਨਾਲ ਬਟਾਲਾ ਪੁਲਿਸ ਨੇ 1100 ਤੋਂ ਵੱਧ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਸਫਲਤਾ ਪੂਰਵਕ ਲੱਭ ਕੇ ਮਾਲਕਾਂ ਤੱਕ ਵਾਪਸ ਪਹੁੰਚਾਇਆ | ਬਰਾਮਦ ਕੀਤੇ ਮੋਬਾਈਲਾਂ ਦੀ ਬਾਜ਼ਾਰੀ ਕੀਮਤ ਲਗਪਗ 2.20 ਕਰੋੜ ਅੰਦਾਜ਼ੀ ਲਾਈ ਗਈ ਹੈ, ਜੋ ਇਸ ਸਫਲਤਾ ਦੀ ਵਿਆਪਕਤਾ ਤੇ ਜਨਹਿਤ ਵਿਚ ਕੀਤੇ ਕੰਮ ਦੀ ਮਹੱਤਤਾ ਦਰਸਾਉਂਦੀ ਹੈ | ਇਸ ਸ਼ਾਨਦਾਰ ਯੋਗਦਾਨ ਨੂੰ ਮੰਨਤਾ ਦਿੰਦਿਆਂ ਦੂਰਸੰਚਾਰ ਵਿਭਾਗ ਭਾਰਤ ਸਰਕਾਰ ਨੇ ਬਟਾਲਾ ਪੁਲਿਸ ਨੂੰ ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਸੋਲਨ ਵਿਚ ਹੋਏ ਨਾਰਥ ਜ਼ੋਨ ਸੁਰੱਖਿਆ ਕਾਨਫਰੰਸ ਦੌਰਾਨ ਵਿਸ਼ੇਸ਼ ਇਨਾਮ ਨਾਲ ਸਨਮਾਨਿਤ ਕੀਤਾ | ਇਹ ਇਨਾਮ ਸ਼੍ਰੀਮਤੀ ਸੁਨੀਤਾ ਚੰਦਰਾ ਡਾਇਰੈਕਟਰ ਜਨਰਲ ਦੂਰਸੰਚਾਰ ਵਿਭਾਗ ਵਲੋਂ ਪ੍ਰਦਾਨ ਕੀਤਾ ਗਿਆ | ਐੱਸ.ਐੱਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ ਨੇ ਇਸ ਉਪਲੱਬਧੀ ਨੂੰ ਆਪਣੀ ਟੀਮ ਦੀ ਲਗਨ ਅਤੇ ਜਨ ਸਹਿਯੋਗ ਨੂੰ ਸਮਰਪਿਤ ਕੀਤਾ |