ਕਲਾਨੌਰ, 31 ਅਗਸਤ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਖੇਤਰਾਂ 'ਚ ਦਰਿਆ ਰਾਵੀ ਅਤੇ ਕਿਰਨ ਨਾਲਾ ਸੱਕੀ 'ਚ ਆਏ ਹੜ੍ਹ ਦੇ ਪਾਣੀ 'ਚ ਘਿਰੇ ਲੋਕਾਂ ਨੂੰ ਮਿਲਣ ਲਈ ਪਹੁੰਚੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵਲੋਂ ਕਲਾਨੌਰ ਖੇਤਰ 'ਚ ਵੀ ਜਾਇਜ਼ਾ ਗਿਆ | ਇਸ ਦੌਰਾਨ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੀ ਨਾਲ ਸਨ | ਬਲਾਕ ਕਲਾਨੌਰ ਦੇ ਪਿੰਡ ਨੜਾਂਵਾਲੀ ਵਿਖੇ ਬਣਾਈ ਗਈ ਆਰਜ਼ੀ ਰਿਹਾਇਸ਼ 'ਚ ਠਹਿਰੇ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਕੋਲ ਬੈੈਠ ਕੇ ਉਨ੍ਹਾਂ ਦੇ ਨੇੜਿਓ ਹੋ ਕੇ ਮੁਸ਼ਕਿਲਾਂ ਸੁਣੀਆਂ ਅਤੇ ਇਸ ਦੁੱਖ ਦੀ ਘੜੀ 'ਚ ਸਿਹਤ ਮੰਤਰੀ ਨੇ ਲੋਕਾਂ ਨੂੰ ਪੰਜਾਬ ਸਰਕਾਰ ਉਨ੍ਹਾਂ ਨਾਲ ਖੜੀ ਹੋਣ ਦਾ ਦਿਲਾਸਾ ਦਿੱਤਾ | ਇਸ ਦੌਰਾਨ ਡਾ. ਬਲਬੀਰ ਸਿੰਘ ਵਲੋਂ ਰਾਹਤ ਸਮੱਗਰੀ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ | ਸਿਹਤ ਮੰਤਰੀ ਵਲੋਂ ਕਲਾਨੌਰ ਖੇਤਰ 'ਚ ਬਣੀਆਂ ਆਰਜ਼ੀ ਰਿਹਾਇਸ਼ਾਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਜਾਇਜ਼ਾ ਲਿਆ ਅਤੇ ਕਲਾਨੌਰ ਦੇ ਸਰਕਾਰੀ ਹਸਪਤਾਲ 'ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ | ਸਿਹਤ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਡੇਂਗੂ, ਮਲੇਰੀਆ, ਡਾਇਰੀਆ ਸਮੇਤ ਹੋਰਨਾਂ ਬਿਮਾਰੀਆਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਇੰਡੀਆ ਮੈਡੀਕਲ ਐਸੋਸੀਏਸ਼ਨ ਕੋਲੋਂ 100 ਐਬੂਲੈਂਸ ਸਮੇਤ ਪੈਰਾ ਮੈਡੀਕਲ ਸਟਾਫ ਦੀ ਮੰਗ ਕੀਤੀ ਗਈ ਹੈ | ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਮੈਡੀਕਲ ਟੀਮਾਂ ਗਠਿਤ ਕਰਕੇ ਓਥੇ ਸਿਹਤ ਸੇਵਾਵਾਂ ਦੇਣ ਤੋਂ ਇਲਾਵਾ ਪਿੰਡਾਂ 'ਚ ਵਾਟਰ ਸੈਂਪਿਲੰਗ, ਸਿਹਤ ਜਾਗਰੂਕਤਾ ਅਤੇ ਮਰੀਜ਼ਾਂ ਦਾ ਰੈਸਿਕਿਊ ਕਰਨ |