ਗੁਰਦਾਸਪੁਰ, 31 ਅਗਸਤ (ਅਸ਼ੋਕ ਸ਼ਰਮਾ)-ਪਹਾੜੀ ਖੇਤਰਾਂ 'ਚ ਪੈ ਰਹੇ ਰੋਜ਼ਾਨਾ ਮੀਂਹ ਨਾਲ ਜਿੱਥੇ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਕਾਫ਼ੀ ਵਧਿਆ ਹੈ, ਉੱਥੇ ਬੇਟ ਇਲਾਕੇ 'ਚ ਲੰਘਦਾ ਗੱਦੀ ਦਰਿਆ ਵੀ ਪਾਣੀ ਨਾਲ ਭਰਿਆ ਹੋਣ ਕਰਕੇ ਉਸ ਦਾ ਪਾਣੀ ਪਿੰਡ ਭੈਣੀ ਮੀਲਮਾਂ, ਸੈਦੋਵਾਲ ਕਲਾਂ ਤੇ ਹੋਰ ਡੇਰਿਆਂ ਵਿਚ ਆਉਣ ਕਰਕੇ ਲੋਕ ਤੇ ਕਿਸਾਨ ਪ੍ਰੇਸ਼ਾਨੀ ਦੇ ਆਲਮ ਵਿਚ ਹਨ | ਪਿੰਡ ਭੈਣੀ ਮੀਲਮਾਂ ਦੇ ਕਿਸਾਨ ਗੁਰਮੇਲ ਸਿੰਘ, ਜਸਵੰਤ ਸਿੰਘ, ਜੈ ਦੇਵ ਸਿੰਘ ਅਤੇ ਹੋਰ ਬਹੁਤ ਸਾਰੇ ਕਿਸਾਨਾਂ ਨੇ ਦੱਸਿਆ ਕਿ ਭੈਣੀ ਮੀਲਮਾਂ ਨੇੜੇ ਗੱਦੀ ਦਰਿਆ ਪਿਛਲੇ ਲੰਮੇ ਸਮੇਂ ਤੋਂ ਵਗਦਾ ਆ ਰਿਹਾ ਹੈ | ਇਸ ਦੀ ਨਾ ਹੀ ਕਿਸੇ ਸਰਕਾਰ ਨੇ ਸਾਰ ਲਈ ਹੈ ਅਤੇ ਨਾ ਹੀ ਮੁਰੰਮਤ ਕਰਵਾਈ ਹੈ | ਜਦੋਂ ਬਰਸਾਤ ਦਾ ਪਾਣੀ ਦਰਿਆ ਵਿਚ ਆਉਂਦਾ ਹੈ ਤਾਂ ਓਵਰਫਲੋ ਹੋ ਕੇ ਲੋਕਾਂ ਦੇ ਖੇਤਾਂ, ਘਰਾਂ ਅਤੇ ਡੇਰਿਆਂ ਵਿਚ ਜਾਣ ਕਰਕੇ ਲੋਕਾਂ ਦੀ ਫ਼ਸਲ ਤੇ ਘਰੇਲੂ ਸਮਾਨ ਦਾ ਕਾਫ਼ੀ ਨੁਕਸਾਨ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ 2023 ਦੇ ਹੜ੍ਹਾਂ ਦੌਰਾਨ ਗੱਦੀ ਦਰਿਆ ਦੇ ਪਾਣੀ ਨੇ ਲੋਕਾਂ ਦੇ ਘਰ ਢਹਿ ਢੇਰੀ ਕਰ ਦਿੱਤੇ ਸਨ ਅਤੇ ਸੈਦੋਵਾਲ ਕਲਾਂ ਦੇ ਸਕੂਲ ਗੇਟ ਤੇ ਕਮਰਿਆਂ ਦਾ ਵੀ ਭਾਰੀ ਨੁਕਸਾਨ ਹੋਇਆ ਸੀ | ਉਨ੍ਹਾਂ ਦੱਸਿਆ ਕਿ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਕਾਫ਼ੀ ਵਧਿਆ ਹੋਇਆ ਹੈ ਤੇ ਲੋਕਾਂ ਦੇ ਖੇਤਾਂ ਵਿਚ ਫਿਰ ਰਿਹਾ ਹੈ | ਇਸ ਨਾਲ ਲੋਕਾਂ ਦੀ ਹਰੇਕ ਫਸਲ ਖਰਾਬ ਹੋ ਚੁੱਕੀ ਹੈ | ਪਸ਼ੂਆਂ ਨੰੂ ਚਾਰਾ ਵੀ ਨਹੀਂ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਕੋਈ ਵੀ ਹੱਲ ਨਹੀਂ ਹੁੰਦਾ ਹੈ | ਸਿਰਫ਼ ਲੋਕ ਇਨ੍ਹਾਂ ਦੇ ਲਾਰਿਆਂ ਤੋਂ ਦੁਖੀ ਹੋਏ ਪਏ ਹਨ | ਸਿਰਫ਼ ਇਨ੍ਹਾਂ ਦੀ ਸਰਕਾਰ ਪ੍ਰਤੀ ਦੂਸ਼ਣਬਾਜ਼ੀ ਸਾਰਾ ਕੰਮ ਖਰਾਬ ਕਰ ਰਹੀ ਹੈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਹੈ ਕਿ ਬੇਟ ਇਲਾਕੇ ਅੰਦਰੋਂ ਨਿਕਲਦੇ ਗੱਦੀ ਦਰਿਆ ਦੀ ਸਫਾਈ ਤੇ ਡੂੰਘਾਈ ਤੋਂ ਇਲਾਵਾ ਪਿੰਡ ਵੱਲ ਧੁੱਸੀ 'ਤੇ ਸਪਰ ਬਣਾਏ ਜਾਣ | ਜਿਸ ਨਾਲ ਦੁਬਾਰਾ ਪਾਣੀ ਦਾ ਵਹਾਅ ਪਿੰਡਾਂ ਵੱਲ ਨਾ ਹੋ ਸਕੇ |