ਪਠਾਨਕੋਟ, 21 ਜੁਲਾਈ (ਸੰਧੂ)-ਆਪਣੀ ਮਿੱਟੀ ਆਪਣੇ ਲੋਕ ਸੰਸਥਾ ਜ਼ਿਲ੍ਹਾ ਪਠਾਨਕੋਟ ਵਲੋਂ ਜ਼ਿਲ੍ਹਾ ਪ੍ਰਧਾਨ ਅਜੇ ਕੁਮਾਰ ਸੋਨੂੰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ ਰਾਹੀਂ ਭੇਜਣ ਲਈ ਐੱਸ.ਡੀ.ਐੱਮ. ਮੇਜਰ ਡਾ: ਸੁਮਿਤ ਮੂਦ ਨੂੰ ਦਿੱਤਾ ਗਿਆ | ਇਸ ਮੌਕੇ ਗੱਲਬਾਤ ਕਰਦੇ ਹੋਏ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਅਜੇ ਕੁਮਾਰ ਸੋਨੂੰ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਪੰਜਾਬ ਅਤੇ ਪੰਜਾਬੀਆਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ | ਪੰਜਾਬ ਦੀ ਨੌਜਵਾਨੀ ਨੂੰ ਸੁਰੱਖਿਅਤ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਵਲੋਂ ਕੀਤੇ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਲਈ ਸੂਬੇ ਦੀ ਜਨਤਾ ਬਹੁਤ ਧੰਨਵਾਦੀ ਹੈ | ਇਸ ਮੁਹਿੰਮ ਨੂੰ ਪੂਰਨ ਰੂਪ ਵਿਚ ਸਫਲ ਬਣਾਉਣ ਲਈ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕੁਝ ਮੰਗਾਂ 'ਤੇ ਕੁਝ ਸੁਝਾਅ ਹਨ | ਉਨ੍ਹਾਂ ਕਿਹਾ ਕਿ ਉਕਤ ਮੁਹਿੰਮ ਅਧੀਨ ਹੁਣ ਤੱਕ 22 ਹਜ਼ਾਰ ਦੇ ਕਰੀਬ ਨਸ਼ਾ ਤਸਕਰ ਫੜ ਕੇ ਜੇਲ੍ਹਾਂ ਵਿਚ ਭੇਜੇ ਗਏ ਹਨ | ਜੇਲ੍ਹਾਂ ਵਿਚ ਪਹਿਲਾਂ ਹੀ ਸਮਰੱਥਾ ਤੋਂ ਵੱਧ ਕੈਦੀ ਬੰਦ ਹਨ | ਇਸ ਲਈ ਸੰਸਥਾ ਮੰਗ ਕਰਦੀ ਹੈ ਕਿ ਜੇਲ੍ਹਾਂ ਵਿਚ ਛੇਤੀ ਸੁਧਾਰ ਕੀਤਾ ਜਾਵੇ ਅਤੇ ਥਾਣਿਆਂ ਵਿਚ ਪੁਲਿਸ ਮੁਲਾਜ਼ਮਾਂ ਦੀ ਬਹੁਤ ਘਾਟ ਹੈ | ਇਸ ਘਾਟ ਨੂੰ ਪੂਰਾ ਕਰਨ ਲਈ ਪੁਲਿਸ ਮੁਲਾਜ਼ਮਾਂ ਦੀ ਨਵੀਂ ਭਰਤੀ ਕੀਤੀ ਜਾਵੇ | ਜਿੱਥੇ ਇਸ ਨਾਲ ਥਾਣਿਆਂ ਵਿਚ ਮੁਲਾਜ਼ਮਾਂ ਦੀ ਘਾਟ ਪੂਰੀ ਹੋਵੇਗੀ, ਉੱਥੇ ਹੀ ਉਕਤ ਮੁਹਿੰਮ ਨੂੰ ਹੋਰ ਬਲ ਮਿਲੇਗਾ | ਨਾਲ ਹੀ ਮੰਗ ਹੈ ਕਿ ਨਸ਼ੇੜੀਆਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਪੂਰੀ ਮਾਤਰਾ 'ਚ ਦਵਾਈਆਂ ਅਤੇ ਸਟਾਫ਼ ਦੀ ਘਾਟ ਪੂਰੀ ਕੀਤੀ ਜਾਵੇ ਤਾਂ ਜੋ ਨਸ਼ਿਆਂ ਦਾ ਸ਼ਿਕਾਰ ਹੋਏ ਨੌਜਵਾਨ ਨਸ਼ੇ ਦੀ ਦਲਦਲ 'ਚੋਂ ਬਾਹਰ ਨਿਕਲਣ ਅਤੇ ਖ਼ੁਸ਼ਹਾਲ ਜ਼ਿੰਦਗੀ ਜਿਊਣ | ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਡੀਆਂ ਮੰਗਾਂ ਵੱਲ ਤੁਰੰਤ ਗੌਰ ਕਰਦੇ ਹੋਏ ਕਾਰਵਾਈ ਕਰਨਗੇ |