ਪਿੰਡ ਗੋਹਤ ਪੋਕਰ ਦੀ ਸੰਪਰਕ ਸੜਕ ਦੀ ਹਾਲਤ ਖ਼ਸਤਾ
ਅਜੀਤ ਡੈਸਕ
22-07-2025
ਗੁਰਦਾਸਪੁਰ, 21 ਜੁਲਾਈ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਗੋਹਤ ਪੋਕਰ ਨੰੂ ਜਾਂਦੀ ਸੰਪਰਕ ਸੜਕ ਦੀ ਹਾਲਤ ਕਾਫ਼ੀ ਸਮੇਂ ਤੋਂ ਬਦਤਰ ਬਣੀ ਹੋਈ ਹੈ ਅਤੇ ਪਿੰਡ ਵਾਸੀਆਂ ਤੇ ਰਾਹਗੀਰਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | ਜਦੋਂ ਕਿ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਸੜਕ 'ਤੇ ਖੜ੍ਹਾ ਰਹਿਣ ਕਰਕੇ ਭੈਣੀ ਬਦਬੂ ਫੈਲੀ ਹੋਈ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹੈ | ਇਸ ਸਬੰਧੀ ਪਿੰਡ ਵਾਸੀ ਬਲਵੰਤ ਸਿੰਘ, ਇੰਦਰਜੀਤ ਸਿੰਘ ਅਤੇ ਇਕਬਾਲ ਸਿੰਘ ਨੇ ਦੱਸਿਆ ਕਿ ਉਕਤ ਸੜਕ ਕਾਫ਼ੀ ਪੁਰਾਣੀ ਜੋ ਘਰਾਂ ਤੋਂ ਕਾਫ਼ੀ ਨੀਵੀਂ ਹੋਣ ਕਰਕੇ ਗਲੀਆਂ ਨਾਲੀਆਂ ਦਾ ਪਾਣੀ ਸੜਕ ਵਿਚਕਾਰ ਇਕੱਠਾ ਹੋ ਜਾਂਦਾ ਹੈ, ਜਿਸ ਕਰਕੇ ਬਰਸਾਤ ਦੇ ਮੌਸਮ ਵਿਚ ਲੋਕਾਂ ਦਾ ਘਰਾਂ ਤੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਕੁਝ ਸੜਕ ਦੇ ਹਿੱਸੇ 'ਤੇ ਬੱਜਰੀ ਵੀ ਪਈ ਹੈ | ਪਰ ਉਸ ਉੱਪਰ ਅਜੇ ਤੱਕ ਪ੍ਰੀਮਿਕਸ ਨਹੀਂ ਪਾਇਆ ਗਿਆ | ਜਿਸ ਕਰਕੇ ਰਾਹਗੀਰਾਂ ਦੇ ਵਾਹਨ ਸਲਿਪ ਹੋਣ ਕਾਰਨ ਲੋਕ ਸੱਟਾਂ ਲਗਵਾ ਚੁੱਕੇ ਹਨ |
ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਜ਼ਿਆਦਾਤਰ ਆਬਾਦੀ ਫ਼ੌਜੀਆਂ ਅਤੇ ਸਾਬਕਾ ਫ਼ੌਜੀਆਂ ਦੀ ਹੈ, ਫਿਰ ਵੀ ਸੜਕ ਦੀ ਹਾਲਤ ਤਰਸਯੋਗ ਬਣੀ ਹੈ | ਉਨ੍ਹਾਂ ਚੇਅਰਮੈਨ ਰਮਨ ਬਹਿਲ ਪਾਸੋਂ ਮੰਗ ਕੀਤੀ ਕਿ ਸਬੰਧਿਤ ਵਿਭਾਗ ਨੰੂ ਹਦਾਇਤਾਂ ਕਰਕੇ ਸੜਕ ਦੀ ਮੁਰੰਮਤ ਪਹਿਲ ਦੇ ਆਧਾਰ 'ਤੇ ਕਰਵਾਈ ਜਾਵੇ, ਜਿਸ ਨਾਲ ਪਿੰਡ ਵਾਸੀਆਂ ਦੀ ਲੰਮੇ ਸਮੇਂ ਤੋਂ ਲਟਕ ਰਹੀ ਮੁਸ਼ਕਿਲ ਦਾ ਹੱਲ ਹੋ ਸਕੇ |