ਗੁਰਦਾਸਪੁਰ, 21 ਜੁਲਾਈ (ਅਸ਼ੋਕ ਸ਼ਰਮਾ)-ਪੰਡੋਰੀ ਰੋਡ ਤੋਂ ਪਿੰਡ ਪਾਹੜਾ ਨੰੂ ਜਾਣ ਵਾਲੀ ਡਰੇਨ ਦੀ ਸਫ਼ਾਈ ਪਿਛਲੇ ਲੰਮੇ ਸਮੇਂ ਤੋਂ ਨਾ ਹੋਣ ਕਾਰਨ ਕਿਸਾਨ ਕਾਫ਼ੀ ਪ੍ਰੇਸ਼ਾਨ ਹਨ ਅਤੇ ਉਸ ਵਿਚ ਵੱਡੀ ਪੱਧਰ 'ਤੇ ਜੜੀ ਬੂਟੀ ਜ਼ਿਆਦਾ ਮਾਤਰਾ ਵਿਚ ਹੈ | ਜਿਸ ਕਰਕੇ ਪਾਣੀ ਦਾ ਨਿਕਾਸ ਬੰਦ ਹੋਣ ਕਰਕੇ ਕਿਸਾਨਾਂ ਦੇ ਖੇਤਾਂ ਅਤੇ ਲੋਕਾਂ ਦੇ ਘਰਾਂ ਵਿਚ ਪਾਣੀ ਚਲਾ ਜਾਂਦਾ ਹੈ | ਪਰ ਇਸ ਪਾਸੇ ਡਰੇਨਜ਼ ਵਿਭਾਗ ਦਾ ਧਿਆਨ ਨਾ ਹੋਣ ਕਾਰਨ ਕਿਸਾਨਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਡਰੇਨਜ਼ ਕੰਢੇ ਵੱਸੇ ਦੁਕਾਨਦਾਰਾਂ ਅਤੇ ਰਿਹਾਇਸ਼ੀ ਇਲਾਕੇ ਦੇ ਲੋਕਾਂ ਤੋਂ ਇਲਾਵਾ ਕਿਸਾਨਾਂ ਨੇ ਦੱਸਿਆ ਕਿ ਜਦੋਂ ਡਰੇਨਜ਼ ਵਿਚ ਪਾਣੀ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ, ਉਦੋਂ ਸਾਰਾ ਪਾਣੀ ਦੁਕਾਨਾਂ ਅਤੇ ਘਰਾਂ 'ਚ ਦਾਖ਼ਲ ਹੋ ਜਾਂਦਾ ਹੈ, ਜਿਸ ਕਰਕੇ ਲੋਕਾਂ ਦਾ ਕਾਫ਼ੀ ਨੁਕਸਾਨ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੰੂ ਲਿਖਤੀ ਤੇ ਜ਼ੁਬਾਨੀ ਤੌਰ 'ਤੇ ਵੀ ਮਿਲਦੇ ਹਨ | ਪਰ ਉਹ ਵੀ ਅਜੇ ਤੱਕ ਇਸ ਮਾਮਲੇ ਦਾ ਹੱਲ ਨਹੀਂ ਕਰ ਸਕੇ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਐਕਸੀਅਨ ਡਰੇਨਜ਼ ਵਿਭਾਗ ਗੁਰਦਾਸਪੁਰ ਨੰੂ ਨਿਰਦੇਸ਼ ਜਾਰੀ ਕਰਕੇ ਪਹਿਲ ਦੇ ਆਧਾਰ 'ਤੇ ਡਰੇਨ ਦੀ ਸਫ਼ਾਈ ਕਰਵਾਈ ਜਾਵੇ, ਜਿਸ ਨਾਲ ਕਿਸਾਨਾਂ, ਦੁਕਾਨਦਾਰਾਂ ਅਤੇ ਰਿਹਾਇਸ਼ੀ ਲੋਕਾਂ ਦਾ ਨੁਕਸਾਨ ਹੋਣ ਤੋਂ ਬਚ ਸਕੇ |