ਪਿੰਡ ਗੋਹਤ ਪੋਕਰ 'ਚ ਲੱਖਾਂ ਦੀ ਲਾਗਤ ਨਾਲ ਬਣੇ ਖੇਡ ਸਟੇਡੀਅਮ ਨੇੜੇ ਗੰਦਗੀ ਦੇ ਢੇਰਾਂ ਕਾਰਨ ਖਿਡਾਰੀ ਪ੍ਰੇਸ਼ਾਨ
ਅਜੀਤ ਡੈਸਕ
22-07-2025
ਗੁਰਦਾਸਪੁਰ, 21 ਜੁਲਾਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਬਲਾਕ ਅਧੀਨ ਪੈਂਦੇ ਪਿੰਡ ਗੋਹਤ ਪੋਖਰ ਵਿਖੇ ਕਾਂਗਰਸ ਸਰਕਾਰ ਵੇਲੇ ਲੱਖਾਂ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਸਟੇਡੀਅਮ ਦੀ ਉਸਾਰੀ ਕਰਵਾਈ ਗਈ ਸੀ ਅਤੇ ਇਸ ਸਟੇਡੀਅਮ ਵਿਚ 5-6 ਪਿੰਡਾਂ ਦੇ ਖਿਡਾਰੀ ਵੱਖ ਵੱਖ ਖੇਡਾਂ ਦਾ ਅਭਿਆਸ ਕਰਨ ਵੀ ਆਉਂਦੇ ਹਨ ਅਤੇ ਅਕਸਰ ਨੌਜਵਾਨਾਂ ਵਲੋਂ ਕ੍ਰਿਕਟ ਟੂਰਨਾਮੈਂਟ ਕਰਵਾਏ ਜਾਂਦੇ ਹਨ | ਹੁਣ ਸਟੇਡੀਅਮ ਨੇੜੇ ਗੰਦਗੀ ਦੇ ਢੇਰ ਲੱਗੇ ਹੋਣ ਕਾਰਨ ਖਿਡਾਰੀਆਂ ਨੰੂ ਕਾਫ਼ੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਇਸ ਸਬੰਧੀ ਖਿਡਾਰੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਵੇਂ 13 ਹਜ਼ਾਰ ਸਟੇਡੀਅਮ ਬਣਾਉਣ ਜਾ ਰਹੀ ਹੈ ਅਤੇ ਕੁਝ ਸਟੇਡੀਅਮ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਜਿਹੜੇ ਪੁਰਾਣੇ ਸਟੇਡੀਅਮ ਬਣਾਏ ਗਏ ਹਨ ਅਤੇ ਉਹ ਤਾਂ ਸਾਰੇ ਹੀ ਨਹੀਂ ਜਾ ਰਹੇ | ਜਿਸ ਕਰਕੇ ਨੌਜਵਾਨ ਖਿਡਾਰੀ ਨਿਰਾਸ਼ਾ ਦੇ ਆਲਮ ਵਿਚ ਹਨ | ਉਨ੍ਹਾਂ ਦੱਸਿਆ ਕਿ ਪੁਰਾਣੇ ਸਟੇਡੀਅਮ ਨੌਸ਼ਹਿਰਾ ਬਹਾਦਰ, ਗੋਹਤ ਪੋਕਰ ਵਿਖੇ ਸਰਕਾਰਾਂ ਨੇ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਖਿਡਾਰੀਆਂ ਨੰੂ ਆਧੁਨਿਕ ਸਹੂਲਤਾਂ ਨਾਲ ਵਧੀਆ ਕੋਚ ਭੇਜੇ ਜਾਣਗੇ | ਇਨ੍ਹਾਂ ਵਿਚ ਕੋਈ ਚੌਕੀਦਾਰ ਤਾਂ ਦੂਰ ਦੀ ਗੱਲ ਕੋਈ ਕੋਚ ਵੀ ਨਹੀਂ ਆਇਆ ਹੈ | ਜਿਸ ਕਰਕੇ ਸਰਕਾਰ 'ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ | ਉਨ੍ਹਾਂ ਦੱਸਿਆ ਕਿ ਸਰਕਾਰ ਅੰਨੇ੍ਹ ਬੋਲੇ ਐਲਾਨ ਕਰਕੇ ਜਨਤਾ ਨੰੂ ਗੁੰਮਰਾਹ ਕਰ ਰਹੀ ਹੈ, ਉੱਥੇ ਖਿਡਾਰੀਆਂ ਨਾਲ ਸਿੱਧੇ ਤੌਰ 'ਤੇ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ | ਉਨ੍ਹਾਂ ਪੰਜਾਬ ਦੇ ਖੇਡ ਮੰਤਰੀ ਪਾਸੋਂ ਮੰਗ ਕੀਤੀ ਕਿ ਪਹਿਲਾਂ ਬਣੇ ਪੁਰਾਣੇ ਸਟੇਡੀਅਮਾਂ ਦੀ ਸਾਂਭ ਸੰਭਾਲ ਦੇ ਨਾਲ ਉੱਥੇ ਕੋਚ ਵੀ ਭੇਜੇ ਜਾਣ, ਜਿਸ ਨਾਲ ਖਿਡਾਰੀ ਚੰਗੇ ਬਣ ਕੇ ਪੰਜਾਬ ਦਾ ਨਾਂਅ ਰੌਸ਼ਨ ਕਰ ਸਕਣ |