ਕਾਦੀਆਂ, 20 ਜੁਲਾਈ (ਹਰਦੀਪ ਸਿੰਘ ਸੰਧੂ)-ਕਾਦੀਆਂ ਸ਼ਹਿਰ ਵਿਚਲੇ ਬੈਂਕ ਬੜੋਦਾ ਵਿਚ ਵੱਖ-ਵੱਖ ਖ਼ਾਤਾਧਾਰਕਾਂ ਨਾਲ ਬੈਂਕ ਦੇ ਖਜ਼ਾਨਚੀ ਵਲੋਂ ਠੱਗੀ ਮਾਰੀ ਗਈ ਹੈ | ਆਪਣੇ ਨਾਲ ਹੋਈ ਠੱਗੀ ਦੀ ਜਾਣਕਾਰੀ ਦਿੰਦਿਆਂ ਕੁਝ ਖ਼ਾਤਾਧਾਰਕਾਂ ਵਲੋਂ ਥਾਣਾ ਕਾਦੀਆਂ ਅਤੇ ਐੱਸ.ਐੱਸ.ਪੀ. ਬਟਾਲਾ ਨੂੰ ਲਿਖਤੀ ਤੌਰ 'ਤੇ ਖਜ਼ਾਨਚੀ ਤਲਜਿੰਦਰ ਸਿੰਘ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਸੀ, ਜਿਸ ਦੇ ਚਲਦਿਆਂ ਥਾਣਾ ਕਾਦੀਆਂ ਵਿਚ ਖਜ਼ਾਨਚੀ ਤਲਜਿੰਦਰ ਸਿੰਘ ਖ਼ਿਲਾਫ਼ ਲੋਕਾਂ ਦੇ ਪੈਸਿਆਂ ਨੂੰ ਹੜੱਪਣ ਦੇ ਮਾਮਲੇ ਨੂੰ ਲੈ ਕੇ ਪਰਚਾ ਦਰਜ ਕਰ ਦਿੱਤਾ ਗਿਆ ਹੈ | ਇਸ ਸਬੰਧੀ ਗੁਰਮੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਖਾਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਕਾਦੀਆਂ ਸ਼ਹਿਰ ਤੇ ਇਲਾਕੇ ਦੇ ਲੋਕਾਂ ਵਲੋਂ ਬੈਂਕ ਆਫ਼ ਬੜੋਦਾ ਵਿਚ ਆਪਣੀਆਂ ਰਕਮਾਂ ਜਮ੍ਹਾ ਕਰਵਾਈਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਬੈਂਕ ਦੇ ਖਜ਼ਾਨਚੀ ਵਲੋਂ ਵਿਸ਼ਵਾਸ ਵਿਚ ਲੈ ਲਿਆ ਅਤੇ ਕਈ ਵਾਰ ਲੋਕ ਆਪਣੀ ਜਮ੍ਹਾ ਕਰਵਾਈ ਹੋਈ ਰਕਮ ਦੀਆਂ ਰਸੀਦਾਂ ਆਦਿ ਨਹੀਂ ਲੈਂਦੇ ਸਨ, ਪਰ ਜਦੋਂ ਉਨ੍ਹਾਂ ਦੇ ਖ਼ਾਤਿਆਂ ਵਿਚ ਜਮ੍ਹਾ ਕਰਵਾਈ ਰਕਮ ਦੇ ਮੈਸੇਜ ਰਜਿਸਟਰਡ ਮੋਬਾਈਲ ਨੰਬਰ ਉੱਪਰ ਨਹੀਂ ਮਿਲਦੇ ਸਨ ਤਾਂਾ ਉਹ ਤਲਜਿੰਦਰ ਸਿੰਘ ਨੂੰ ਪੁੱਛਦੇ ਸਨ ਤਾਂ ਉਹ ਕਹਿ ਦਿੰਦਾ ਸੀ ਕਿ ਬੈਂਕ ਦੇ ਸਿਸਟਮ ਵਿਚ ਖ਼ਰਾਬੀ ਹੈ, ਜੋ ਜਲਦੀ ਹੀ ਠੀਕ ਹੋ ਜਾਵੇਗੀ | ਉਨ੍ਹਾਂ ਨੇ ਦੱਸਿਆ ਕਿ ਖਜ਼ਾਨਚੀ ਤਲਜਿੰਦਰ ਸਿੰਘ ਆਨਲਾਈਨ ਜੂਆ ਖੇਡਣ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਭੈੜੀਆਂ ਆਦਤਾਂ ਦਾ ਕਥਿਤ ਤੌਰ 'ਤੇ ਸ਼ਿਕਾਰ ਸੀ, ਜਿਸ ਲਈ ਉਸ ਨੇ ਲੋਕਾਂ ਦੇ ਲੱਖਾਂ ਰੁਪਏ ਬੈਂਕ ਵਿਚ ਜਮ੍ਹਾ ਕਰਨ ਦੀ ਬਜਾਏ ਉਜਾੜ ਕੇ ਰੱਖ ਦਿੱਤਾ | ਪੀੜਤ ਲੋਕਾਂ ਦਾ ਇਕ ਵਫ਼ਦ ਬੀਤੇ ਦਿਨੀਂ ਸਾਬਕਾ ਚੇਅਰਮੈਨ ਜਸਬੀਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੂੰ ਮਿਲੇ, ਜਿੱਥੇ ਸ: ਬਾਜਵਾ ਨੇ ਐੱਸ.ਐੱਸ.ਪੀ. ਬਟਾਲਾ ਨੂੰ ਇਸ ਮਾਮਲੇ ਦੀ ਗੰਭੀਰਤਾ ਬਾਰੇ ਜਾਣੂ ਕਰਵਾਇਆ | ਐੱਸ.ਐੱਸ.ਪੀ. ਬਟਾਲਾ ਵਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਕਾਦੀਆਂ ਵਿਚ ਇਸ ਮਾਮਲੇ ਦੀ ਤਫ਼ਤੀਸ਼ ਕਰਵਾਈ, ਜਿਸ ਦੌਰਾਨ ਥਾਣਾ ਕਾਦੀਆਂ ਦੀ ਪੁਲਿਸ ਨੇ ਤਲਜਿੰਦਰ ਸਿੰਘ ਨੂੰ ਖ਼ਾਤਾਧਾਰਕਾਂ ਨਾਲ 84 ਲੱਖ ਦੇ ਕਰੀਬ ਰਕਮ ਦਾ ਗਬਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ | ਪੀੜਤਾਂ ਵਲੋਂ ਬੈਂਕ ਕੇ ਸਾਹਮਣੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ | ਪੀੜਤ ਲੋਕਾਂ ਦਾ ਕਹਿਣਾ ਹੈ ਕਿ ਤਲਜਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੀਆਂ ਖੁਰਦ-ਬੁਰਦ ਹੋਈਆਂ ਰਕਮਾਂ ਵਾਪਸ ਕਰਵਾਈਆਂ ਜਾਣ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਤਫ਼ਤੀਸ਼ ਕਰ ਕੇ ਤਲਜਿੰਦਰ ਸਿੰਘ ਵਾਸੀ ਕਾਦੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |