ਗੁਰਦਾਸਪੁਰ, 20 ਜੁਲਾਈ (ਗੁਰਪ੍ਰਤਾਪ ਸਿੰਘ)-ਗੁਰਦਾਸਪੁਰ ਦੇ ਦੋਰਾਂਗਲਾ ਰੋਡ 'ਤੇ ਸਥਿਤ ਪਿੰਡ ਹੱਲਾ ਵਿਚ ਇਕ ਚੱਲਦੀ ਹੋਈ ਕਾਰ ਨੂੰ ਅਚਾਨਕ ਅੱਗ ਲੱਗ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਦੇ ਮਾਲਕ ਯੁਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਹੱਲਾ ਨੇ ਦੱਸਿਆ ਕਿ ਉਹ ਆਪਣੀ ਟਾਈਗਨ ਕਾਰ ਨੰਬਰ ਪੀ.ਬੀ. 06 ਬੀ.ਜੀ. 4209 'ਤੇ ਸਵਾਰ ਹੋ ਕੇ ਪਿੰਡ ਹੱਲਾ ਤੋਂ ਦੋਰਾਂਗਲਾ ਰੋਡ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ ਗੱਡੀ ਦੇ ਅੰਦਰ ਧੂੰਆਂ ਆਉਣਾ ਸ਼ੁਰੂ ਹੋ ਗਿਆ ਅਤੇ ਉਸ ਨੂੰ ਗੱਡੀ ਦੇ ਵਿਚ ਅੱਗ ਦੀਆਂ ਕੁਝ ਲਪਟਾਂ ਦਿਖਾਈ ਦਿੱਤੀਆਂ | ਉਸ ਨੇ ਦੱਸਿਆ ਕਿ ਉਸ ਵਲੋਂ ਗੱਡੀ ਤੋਂ ਉਤਰ ਕੇ ਦੂਰ ਭੱਜ ਕੇ ਆਪਣੀ ਜਾਨ ਬਚਾਈ ਗਈ | ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਪਿੰਡ ਵਾਸੀਆਂ ਵਲੋਂ ਫਾਇਰ ਬਿ੍ਗੇਡ ਨੂੰ ਫੋਨ ਕੀਤਾ ਗਿਆ | ਮੌਕੇ 'ਤੇ ਪਹੁੰਚੀਆਂ ਫਾਇਰ ਬਿ੍ਗੇਡ ਦੀ ਗੱਡੀਆਂ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ | ਪਰ ਉਸ ਵਕਤ ਤੱਕ ਪੂਰੀ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ | ਕਾਰ ਦੇ ਮਾਲਕ ਨੇ ਦੱਸਿਆ ਕਿ ਉਸ ਵਲੋਂ ਇਹ ਗੱਡੀ ਪਿਛਲੇ ਸਾਲ 2024 ਵਿਚ ਹੀ ਖ਼ਰੀਦੀ ਗਈ ਸੀ ਅਤੇ ਗੱਡੀ ਵਿਚ ਦਿੱਕਤ ਆਉਣ ਕਾਰਨ ਉਹ ਦੋ ਵਾਰ ਇਸ ਨੂੰ ਪਹਿਲਾਂ ਵੀ ਕੰਪਨੀ ਵਿਚ ਦਿਖਾ ਚੁੱਕਾ ਹੈ | ਜਿਸ ਤੋਂ ਬਾਅਦ ਕੰਪਨੀ ਵਲੋਂ ਉਸ ਨੂੰ ਇਹ ਗੱਡੀ ਠੀਕ ਕਰਕੇ ਦੁਬਾਰਾ ਵਾਪਸ ਦੇ ਦਿੱਤੀ ਗਈ, ਪਰ ਅੱਜ ਅਚਾਨਕ ਇਸ ਗੱਡੀ ਨੂੰ ਚੱਲਦੇ ਹੋਏ ਅੱਗ ਲੱਗ ਗਈ |