ਕਲਾਨੌਰ, 19 ਜੁਲਾਈ (ਪੁਰੇਵਾਲ)-ਸਥਾਨਕ ਕਸਬੇ 'ਚ ਪਾਵਰਕਾਮ ਸਬ-ਡਵੀਜ਼ਨ ਵਿਖੇ ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਪੀ.ਐੱਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਦੀ ਮੀਟਿੰਗ ਸਾਥੀ ਰਣਧੀਰ ਸਿੰਘ ਕਾਹਲੋਂ ਤੇ ਨਿਸ਼ਾਨ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਰਕਾਰ ਤੇ ਵਿਭਾਗ ਵਲੋਂ ਕਾਮਿਆਂ ਦੀਆਂ ਮੰਗਾਂ ਨਾ ਮੰਨਣ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਪੀ.ਐੱਸ.ਈ.ਬੀ. ਇੰਪਲਾਈਜ ਫ਼ੈਡਰੇਸ਼ਨ (ਏਟਕ) ਸਰਕਲ ਗੁਰਦਾਸਪੁਰ ਦੇ ਪ੍ਰਧਾਨ ਅਤੇ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਉਦੀਪੁਰ ਨੇ ਦੱਸਿਆ ਕਿ ਪੀ.ਐੱਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਦੀਆਂ ਨੀਤਿਆਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਜਥੇਬੰਦੀਆਂ ਨੂੰ ਅਲਵਿਦਾ ਕਹਿ ਕੇ ਦਰਜਨ ਤੋਂ ਵੱਧ ਬਿਜਲੀ ਕਰਮਚਾਰੀਆਂ ਵਲੋਂ ਫ਼ੈਡਰੇਸ਼ਨ ਏਟਕ ਜਥੇਬੰਦੀ ਦੀ ਮੈਂਬਰਸ਼ਿਪ ਭਰੀ ਗਈ ਹੈ ਅਤੇ ਨਵੇਂ ਸਾਥੀਆਂ ਦਾ ਜਥੇਬੰਦੀ 'ਚ ਸ਼ਾਮਿਲ ਹੋਣ ਦਾ ਸਵਾਗਤ ਕੀਤਾ | ਪ੍ਰਧਾਨ ਉਦੀਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਬਿਜਲੀ ਮਹਿਕਮੇ ਦਾ ਨਿੱਜੀਕਰਨ ਕਰਨ ਦੇ ਰਾਹ ਤੁਰੀ ਹੋਈ ਹੈ ਤੇ ਨਿਗੂਣੀਆਂ ਤਨਖਾਹਾਂ 'ਤੇ ਭਰਤੀ ਕਰ ਕੇ ਮਿਹਨਤਕਸ਼ ਕਿਰਤੀਆਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਜਿਸ ਖ਼ਿਲਾਫ਼ ਜਥੇਬੰਦੀਆਂ ਵਲੋਂ ਸਰਕਾਰ ਅਤੇ ਪਾਵਰਕਾਮ ਦੀ ਮੈਨੇਜ਼ਮੈਂਟ ਵਿਰੁੱਧ ਫ਼ੀਲਡ 'ਚ ਸੰਘਰਸ਼ ਤਹਿਤ 24 ਜੁਲਾਈ ਨੂੰ ਉੱਪ ਮੰਡਲ, ਮੰਡਲ ਪੱਧਰ ਦੀਆਂ ਸਾਂਝੀਆਂ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ 27 ਜੁਲਾਈ ਨੂੰ ਸੂਬਾ ਪੱਧਰੀ ਧਰਨਾ ਬਿਜਲੀ ਮੰਤਰੀ ਦੀ ਰਿਹਾਇਸ਼ ਅੰਮਿ੍ਤਸਰ ਵਿਖੇ ਦਿੱਤਾ ਜਾਵੇਗਾ | ਇਸ ਮੌਕੇ ਸਾਥੀ ਗੁਰਵਿੰਦਰ ਸਿੰਘ, ਰਵਿੰਦਰ ਸਿੰਘ, ਮਾਨਵਜੋਤ ਸਿੰਘ, ਪਰਮਜੀਤ ਸਿੰਘ, ਗੁਰਪਾਲ ਸਿੰਘ, ਗੁਰਸੇਵਕ ਸਿੰਘ, ਜਗਜੀਤ ਸਿੰਘ, ਦਵਿੰਦਰ ਸਿੰਘ, ਗੁਰਦੀਪ ਸਿੰਘ, ਤਿਲਕ ਰਾਜ, ਜਤਿੰਦਰ ਸਿੰਘ ਵੀ ਹਾਜ਼ਰ ਰਹੇ |