ਗੁਰਦਾਸਪੁਰ, 19 ਜੁਲਾਈ (ਚੱਕਰਾਜਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੰੂ ਸੇਵਾ ਦਿਵਸ ਵਜੋਂ ਮਨਾਇਆ ਗਿਆ | ਇਸ ਮੌਕੇ ਸਟੱਡੀ ਸਰਕਲ ਦੇ ਸੇਵਾਦਾਰਾਂ ਅਤੇ ਗਿਆਨ ਅੰਜਨ ਪਬਲਿਕ ਹਾਈ ਸਕੂਲ ਗੁਰਦਾਸਪੁਰ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਸ਼ਹਿਰ ਦੇ ਹਸਪਤਾਲਾਂ ਅਤੇ ਬਿਰਧ ਆਸ਼ਰਮਾਂ ਵਿਚ ਜਾ ਕੇ ਹਸਪਤਾਲਾਂ 'ਚ ਦਾਖ਼ਲ ਮਰੀਜ਼ਾਂ ਦਾ ਹਾਲ ਜਾਣਿਆ ਗਿਆ ਅਤੇ ਉਨ੍ਹਾਂ ਦੀ ਦੇਹ ਅਰੋਗਤਾ ਦੀ ਅਰਦਾਸ ਕਰਨ ਉਪਰੰਤ ਮਰੀਜ਼ਾਂ ਨੰੂ ਫਲ, ਗੁਰੂ ਸਾਹਿਬ ਦੀ ਜੀਵਨੀ ਦੇ ਮੁਫ਼ਤ ਲਿਟਰੇਚਰ, ਨਿੱਤਨੇਮ ਅਤੇ ਸੁਖਮਨੀ ਸਾਹਿਬ ਦੀਆਂ ਪੋਥੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਸਕੱਤਰ ਰਛਪਾਲ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਬਣਾਈਆਂ ਗਈਆਂ 4 ਟੀਮਾਂ ਵਲੋਂ ਸ਼ਹਿਰ ਦੇ ਸਾਰੇ ਹਸਪਤਾਲਾਂ ਵਿਚ ਤਕਰੀਬਨ 500 ਮਰੀਜ਼ਾਂ ਤੱਕ ਪਹੁੰਚ ਕੀਤੀ ਗਈ ਹੈ | ਅੰਤ ਵਿਚ ਸਾਰੀਆਂ ਟੀਮਾਂ ਬਾਬਾ ਗੁਰਦਿੱਤ ਸਿੰਘ ਕਲਸੀ ਹਸਪਤਾਲ 'ਚ ਪਹੁੰਚੀਆਂ ਅਤੇ ਹਸਪਤਾਲ 'ਚ ਦਾਖ਼ਲ ਬੱਚਿਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ | ਇਸ ਮੌਕੇ ਹਸਪਤਾਲ ਦੇ ਮੁਖੀ ਡਾ: ਗੁਰਖੇਲ ਸਿੰਘ ਕਲਸੀ ਵਲੋਂ ਸਟੱਡੀ ਸਰਕਲ ਦੇ ਸੇਵਾਦਾਰਾਂ ਵਲੋਂ ਮਨਾਏ ਗਏ ਪ੍ਰਕਾਸ਼ ਉਤਸਵ ਸਮੇਂ ਸੇਵਾ ਦਿਵਸ ਦੀ ਸ਼ਲਾਘਾ ਕੀਤੀ ਅਤੇ ਸੇਵਾਦਾਰਾਂ ਨੰੂ ਲੰਗਰ ਛਕਾਇਆ ਗਿਆ | ਇਸ ਮੌਕੇ ਜਸਵਿੰਦਰ ਸਿੰਘ ਜ਼ੋਨਲ ਸਕੱਤਰ, ਮਾਸਟਰ ਅਮਰੀਕ ਸਿੰਘ ਪ੍ਰਧਾਨ, ਡਾ: ਹਰਪਾਲ ਸਿੰਘ ਰੰਧਾਵਾ, ਡਾ: ਗੁਰਦੇਵ ਸਿੰਘ, ਡਾ: ਜੌਹਰ ਸਿੰਘ, ਪ੍ਰੋ: ਰਣਜੀਤ ਸਿੰਘ, ਉਂਕਾਰ ਸਿੰਘ, ਸੰਪੂਰਨ ਸਿੰਘ, ਪਿ੍ੰ: ਜਗਦੀਸ਼ ਕੌਰ, ਰੁਪਿੰਦਰ ਕੌਰ ਕੋਆਰਡੀਨੇਟਰ, ਬਲਵਿੰਦਰ ਕੌਰ ਆਦਿ ਹਾਜ਼ਰ ਸਨ |