ਗੁਰਦਾਸਪੁਰ, 19 ਜੁਲਾਈ (ਅਸ਼ੋਕ ਸ਼ਰਮਾ)-ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਡੋਗਰਾ ਅਤੇ ਉਨ੍ਹਾਂ ਦੇ ਪੋਤਰੇ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਦੋਂ ਕਿ ਉਨ੍ਹਾਂ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ ਹੈ | ਇਸ ਖ਼ਬਰ ਨਾਲ ਗੁਰਦਾਸਪੁਰ ਸ਼ਹਿਰ ਅਤੇ ਦਿਹਾਤੀ ਖੇਤਰ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨਰਿੰਦਰ ਡੋਗਰਾ ਵਾਸੀ ਕਲੀਚਪੁਰ ਹਾਲ ਗੁਰਦਾਸਪੁਰ ਜੋ ਆਪਣੀ ਪਤਨੀ ਅਤੇ ਪੋਤਰੇ ਧਰੁਵ ਨਾਲ ਗੁਰਦਾਸਪੁਰ ਤੋਂ ਦੇਹਰਾਦੂਨ ਜਾ ਰਹੇ ਸਨ ਕਿ ਜਦੋਂ ਉਹ ਹਰਿਆਣਾ ਸਟੇਟ ਦੇ ਸ਼ਹਿਰ ਜਗਾਧਰੀ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜਨ ਨਾਲ ਕਾਰ ਪਲਟ ਗਈ | ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਇਲਾਜ ਦੌਰਾਨ ਨਰਿੰਦਰ ਡੋਗਰਾ ਤੇ ਉਨ੍ਹਾਂ ਦੇ ਪੋਤਰੇ ਦੀ ਮੌਤ ਹੋ ਗਈ | ਜਦੋਂ ਕਿ ਉਨ੍ਹਾਂ ਦੀ ਪਤਨੀ ਗੰਭੀਰ ਜ਼ਖਮੀ ਹੈ | ਇਥੇ ਜ਼ਿਕਰਯੋਗ ਹੈ ਕਿ ਨਰਿੰਦਰ ਡੋਗਰਾ ਪਿੰਡ ਕਲੀਚਪੁਰ ਦੇ ਰਹਿਣ ਵਾਲੇ ਸਨ ਅਤੇ ਭਾਜਪਾ ਪਾਰਟੀ ਦੇ ਹਰਮਨ ਪਿਆਰੇ ਆਗੂ ਸਨ | ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਜਿੱਥੇ ਇਲਾਕੇ ਭਰ ਅੰਦਰ ਸੋਗ ਦੀ ਲਹਿਰ ਫੈਲ ਗਈ, ਉੱਥੇ ਦਿਹਾਤੀ ਖੇਤਰ ਦੇ ਭਾਜਪਾ ਆਗੂਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਪਾਰਟੀ ਨੰੂ ਜਿੱਥੇ ਘਾਟਾ ਪਿਆ ਹੈ, ਉੱਥੇ ਪਰਿਵਾਰ ਨੰੂ ਬਹੁਤ ਵੱਡਾ ਸਦਮਾ ਪੁੱਜਾ ਹੈ | ਉਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ | ਬੀਤੇੇ ਦਿਨ ਨਮ ਅੱਖਾਂ ਨਾਲ ਦੋਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ |