01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਲਾਲ ਚੰਦ ਕਟਾਰੂਚੱਕ ਨੇ 5 ਜ਼ਿਲਿ੍ਹਆਂ 'ਚ ਹਾਈਵੇ 'ਤੇ ਫੁੱਲਾਂ ਵਾਲੇ ਬੂਟੇ ਲਗਾਉਣ ਸੰਬੰਧੀ ਪਾਇਲਟ ਪ੍ਰੋਜੈਕਟ ਦਾ ਕੀਤਾ ਐਲਾਨ

ਅਜੀਤ ਡੈਸਕ 19-07-2025
ਪਠਾਨਕੋਟ, 18 ਜੁਲਾਈ (ਵਿਨੋਦ)-ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਾਈਵੇ ਦੇ ਦੋਵੇਂ ਪਾਸੇ ਫੁੱਲਾਂ ਵਾਲੇ ਬੂਟੇ ਲਗਾਉਣ ਵਾਲੇ ਇਕ ਪਾਇਲਟ ਪ੍ਰੋਜੈਕਟ ਦਾ ਐਲਾਨ ਕੀਤਾ | ਇਸ ਪ੍ਰੋਜੈਕਟ ਦੀ ਨਿਗਰਾਨੀ ਇਕ ਸੂਬਾ ਪੱਧਰੀ ਵਿਸ਼ੇਸ਼ ਕਮੇਟੀ ਕਰੇਗੀ ਅਤੇ ਸਮੇਂ-ਸਮੇਂ ਇਸ ਦੀ ਸਮੀਖਿਆ ਵੀ ਕਰੇਗੀ | ਮੁੱਢਲੇ ਗੇੜ ਵਿਚ ਇਹ ਪ੍ਰੋਜੈਕਟ 5 ਜ਼ਿਲਿ੍ਹਆਂ ਰੋਪੜ, (ਵਿਸ਼ੇਸ਼ ਤੌਰ 'ਤੇ ਸ੍ਰੀ ਅਨੰਦਪੁਰ ਸਾਹਿਬ) ਸ਼ਹੀਦ ਭਗਤ ਸਿੰਘ ਨਗਰ (ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਆਲੇ-ਦੁਆਲੇ ਦੇ ਖੇਤਰ ਵਿਚ) ਸੰਗਰੂਰ, ਪਠਾਨਕੋਟ ਅਤੇ ਅੰਮਿ੍ਤਸਰ ਵਿਚ ਲਾਗੂ ਕੀਤਾ ਜਾਵੇਗਾ | ਪ੍ਰੋਜੈਕਟ ਤਹਿਤ ਇਨ੍ਹਾਂ ਜ਼ਿਲਿਆਂ ਵਿਚ ਹਾਈਵੇ ਦੇ ਸੱਜੇ-ਖੱਬੇ ਦੋਵੇਂ ਪਾਸੇ 500 ਮੀਟਰ ਦੀ ਦੂਰੀ 'ਤੇ 5, 6 ਅਤੇ 7 ਫੁੱਟ ਤੱਕ ਦੀ ਉਚਾਈ ਵਾਲੇ ਬੂਟੇ ਲਗਾਏ ਜਾਣਗੇ | ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੂਟਿਆਂ ਦੇ ਵੱਧਣ-ਫੁੱਲਣ ਤੇ ਸਾਂਭ ਸੰਭਾਲ ਨੰੂ ਯਕੀਨੀ ਬਣਾਉਣ ਲਈ ਢੁੱਕਵੀਂ ਨਜ਼ਰਸਾਨੀ ਕੀਤੀ ਜਾਵੇਗੀ | ਇਸ ਤੋਂ ਇਲਾਵਾ ਵਾੜ ਲਗਾਉਣ ਦਾ ਕੰਮ ਵੀ ਕੀਤਾ ਜਾਵੇਗਾ ਤਾਂ ਜੋ ਬੂਟਿਆਂ ਨੂੰ ਆਵਾਰਾ ਜਾਨਵਰਾਂ ਤੋਂ ਬਚਾਇਆ ਜਾ ਸਕੇ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਟਾਰੂਚੱਕ ਨੇ ਦੱਸਿਆ ਕਿ ਅੱਜ ਦੀ ਪੀੜ੍ਹੀ ਨੂੰ ਰੁੱਖਾਂ ਅਤੇ ਵਾਤਾਵਰਨ ਦੀ ਸੁਰੱਖਿਆ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਇਸ ਵਿਸ਼ੇ 'ਤੇ ਆਧਾਰਿਤ ਭਾਸ਼ਣ ਅਤੇ ਕਵਿਤਾ ਮੁਕਾਬਲੇ 23 ਜੁਲਾਈ ਤੋਂ ਬਟਾਲਾ ਵਿਖੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਵਾਲੇ ਦਿਨ ਤੋਂ ਸ਼ੁਰੂ ਕਰਵਾਏ ਜਾਣਗੇ | ਇਹ ਮੁਕਾਬਲੇ ਇਕ ਮਹੀਨੇ ਤੱਕ ਚੱਲਣਗੇ ਅਤੇ ਚਾਰ ਸ਼੍ਰੇਣੀਆਂ ਪ੍ਰਾਇਮਰੀ (ਪਹਿਲੀ ਤੋਂ ਪੰਜਵੀਂ ਜਮਾਤ), ਸੈਕੰਡਰੀ (ਛੇਵੀਂ ਤੋਂ ਦਸਵੀਂ ਜਮਾਤ), ਸੀਨੀਅਰ ਸੈਕੰਡਰੀ (11ਵੀਂ ਤੇ 12ਵੀਂ) ਅਤੇ ਕਾਲਜ ਪੱਧਰ 'ਤੇ ਕਰਵਾਏ ਜਾਣਗੇ | ਇਸ ਬਾਰੇ ਹੋਰ ਵਿਸਥਾਰ ਵਿਚ ਦੱਸਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੇ ਪਹਿਲੇ ਗੇੜ ਦੇ ਜੇਤੂ ਅੱਗੇ ਰਾਜ ਪੱਧਰ 'ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ | ਰਾਜ ਪੱਧਰ 'ਤੇ ਚਾਰਾਂ ਸ਼੍ਰੇਣੀਆਂ ਵਿਚੋਂ ਹਰੇਕ ਵਿਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਕ੍ਰਮਵਾਰ 51,000, 31,000 ਅਤੇ 21,000 ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ | ਸਿੱਖਿਆ ਵਿਭਾਗ ਦੀ ਦੇਖ-ਰੇਖ ਹੇਠ ਕਰਵਾਏ ਜਾਣ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬੀ ਸਾਹਿਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਬਤੌਰ ਜੱਜ ਸ਼ਾਮਿਲ ਹੋਣਗੀਆਂ | ਇਕ ਸਵਾਲ ਦੇ ਜਵਾਬ ਵਿਚ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੌਜੂਦਾ ਸਰਕਾਰ ਕੇ ਕਾਰਜਕਾਲ ਦੌਰਾਨ ਜੰਗਲਾਤ ਅਧੀਨ ਰਕਬੇ ਵਿਚ ਵਾਧਾ ਹੋਇਆ ਹੈ | ਤੱਥਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ 2021 ਵਿਚ ਜੰਗਲਾਤ ਅਧੀਨ ਖੇਤਰ 3144.47 ਵਰਗ ਕਿੱਲੋਮੀਟਰ ਸੀ | ਜਦੋਂ ਕਿ 2023 ਵਿਚ ਇਹ ਵੱਧ ਕੇ 3321.24 ਵਰਗ ਕਿੱਲੋਮੀਟਰ ਹੋ ਗਿਆ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਕੱਤਰ ਪਿ੍ਯਾਂਕ ਭਾਰਤੀ, ਜੰਗਲਾਤ ਦੇ ਪ੍ਰਮੁੱਖ ਮੁੱਖ ਵਣਪਾਲ (ਜੰਗਲਾਤ ਬਲ ਦੇ ਮੁਖੀ) ਧਰਮਿੰਦਰ ਸ਼ਰਮਾ ਅਤੇ ਵਣਪਾਲ, ਜੰਗਲਾਤ (ਸ਼ਿਵਾਲਿਕ ਸਰਕਲ) ਕਨਨ ਮੌਜੂਦ ਸਨ |
ਪਿਛਲੀ ਖ਼ਬਰ ਸਰਕਾਰੀ ਸਮਾਰਟ ਹਾਈ ਸਕੂਲ ਸ਼ਾਹਪੁਰ ਕੰਢੀ ਦੀ ਮੈਨੇਜਮੈਂਟ ਕਮੇਟੀ ਦਾ ਕੀਤਾ ਗਠਨ ਅਗਲੀ ਖ਼ਬਰ ਵਾਟਰ ਸਪਲਾਈ ਦੇ ਤਿੰਨ ਟੈਕਨੀਸ਼ੀਅਨ ਤਰੱਕੀ ਦੇ ਕੇ ਬਣਾਏ ਗਏ ਜੂਨੀਅਰ ਇੰਜੀਨੀਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।