ਕਾਦੀਆਂ, 17 ਜੁਲਾਈ (ਹਰਦੀਪ ਸਿੰਘ ਸੰਧੂ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਹਲਕਾ ਕਾਦੀਆਂ ਜਾਂ ਪੰਜਾਬ ਦੇ ਹੀ ਨਹੀਂ ਸਗੋਂ ਰਾਸ਼ਟਰੀ ਪੱਧਰ ਉੱਤੇ ਕਾਂਗਰਸ ਵਿਚ ਵਿਸ਼ੇਸ਼ ਪਹਿਚਾਣ ਅਤੇ ਸਥਾਨ ਰੱਖਦੇ ਹਨ, ਉਨ੍ਹਾਂ ਕੋਲ ਜੋ ਰਾਜਨੀਤੀ ਦਾ ਤਜਰਬਾ ਹੈ ਉਹ ਹੋਰ ਵੀ ਕਿਸੇ ਪੰਜਾਬੀ ਰਾਜਨੀਤਕ ਆਗੂ ਕੋਲ ਅਜੇ ਤੱਕ ਨਹੀਂ ਹੈ | ਸ: ਪ੍ਰਤਾਪ ਸਿੰਘ ਬਾਜਵਾ ਜਦੋਂ ਵੀ ਕੋਈ ਸਿਆਸੀ ਗੱਲ ਕਰਦੇ ਹਨ ਤਾਂ ਉਹ ਤੱਥਾਂ ਦੇ ਆਧਾਰਿਤ ਹੁੰਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਸੀਨੀਅਰ ਆਗੂ, ਸਾਬਕਾ ਚੇਅਰਮੈਨ ਜਸਬੀਰ ਸਿੰਘ ਢੀਂਡਸਾ ਤੇ ਜੋਤਾ ਸਿੰਘ ਸੇਖਵਾਂ ਨੇ ਕੀਤਾ | ਉਨ੍ਹਾਂ ਕਿਹਾ ਕਿ ਬੀਤੇ ਦਿਨ ਵੀ ਪੰਜਾਬ ਵਿਚ ਹੋਏ ਵਿਧਾਨ ਸਭਾ ਸੈਸ਼ਨ ਦੌਰਾਨ ਸ: ਬਾਜਵਾ ਨੇ ਜਿੱਥੇ ਪੰਜਾਬ ਦੇ ਮਸਲਿਆਂ ਨੂੰ ਵਧੀਆ ਤਰੀਕੇ ਨਾਲ ਰੱਖਿਆ, ਉਸ ਦੇ ਨਾਲ-ਨਾਲ ਉਨ੍ਹਾਂ ਵਲੋਂ ਪੰਜਾਬ ਸਰਕਾਰ ਦੀਆਂ ਆਮ ਲੋਕਾਂ ਨਾਲ ਕੀਤੀਆਂ ਜਿਆਦਤੀਆਂ ਤੇ ਵਾਅਦਿਆਂ ਤੋਂ ਵੀ ਜਾਣੂ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਮਸਲਿਆਂ 'ਤੇ ਬੁਰੀ ਤਰ੍ਹਾਂ ਅਸਫਲ ਹੋ ਚੁੱਕੀ ਹੈ ਅਤੇ ਆਪਣੀ ਅਸਫਲਤਾ ਨੂੰ ਛਪਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਨਾ ਰਹੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਜਬਰ ਤੇ ਧਾਂਦਲੀਆਂ ਦਾ ਖਮਿਆਜਾ ਆਉਣ ਵਾਲੇ ਸਮੇਂ ਵਿਚ ਭੁਗਤਣਾ ਪਵੇਗਾ, 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਪੰਜਾਬ ਵਿਚ ਸ਼ਾਨ ਨਾਲ ਜਿੱਤੇਗੀ |